ਸੁਖਪਾਲ ਸਿੰਘ ਹੁੰਦਲ, ਕਪੂਰਥਲਾ : 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਦੀ ਲਗਾਤਾਰਤਾ 'ਚ ਡੀਸੀ ਦੀਪਤੀ ਉੱਪਲ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਰਾਸ਼ਟਰੀ ਗਰਲਜ਼ ਚਾਈਲਡ ਡੇਅ ਮਨਾਇਆ ਗਿਆ। ਇਸ ਮੌਕੇ 'ਪਰਸਨਲ ਹਾਈਜੀਨ ਐਂਡ ਮੈਂਸਟਰੁਏਸ਼ਨ' ਵਿਸ਼ੇ 'ਤੇ ਪੈਨਲ ਟਾਕ ਕਰਵਾਈ ਗਈ। ਸਮਾਗਮ ਵਿਚ ਵੱਖ-ਵੱਖ ਕਾਲਜਾਂ ਤੇ ਸਕੂਲਾਂ ਦੀ ਵਿਦਿਆਰਥਣਾਂ ਨਾਲ ਜਿਥੇ ਇਸ ਵਿਸ਼ੇ 'ਤੇ ਖੁੱਲ੍ਹ ਕੇ ਡਾਕਟਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੈਨੇਟਰੀ ਪੈਡ ਵੈਂਡਿੰਗ ਮਸ਼ੀਨਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਜਲੰਧਰ ਤੋਂ ਡਾ. ਸੁਸ਼ਮਾ ਚਾਵਲਾ ਤੋਂ ਇਲਾਵਾ ਡਾ. ਸੁਰਜੀਤ ਕੌਰ, ਡਾ. ਸੁਨਿਧੀ ਗੁਪਤਾ, ਡਾ. ਸਿੰਮੀ, ਡਾ. ਰਤਨਾਕਰ ਅਤੇ ਸਿਹਤ ਵਿਭਾਗ ਦੇ ਪ੍ਰਰੋਗਰਾਮ ਅਫ਼ਸਰਾਂ ਵੱਲੋ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਲੜਕੀਆਂ ਨੂੰ ਰਾਸ਼ਟਰੀ ਗਰਲਜ਼ ਚਾਈਲਡ ਡੇਅ ਦੀ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪਣੀ ਸਿਹਤ ਸੰਭਾਲ ਪ੍ਰਤੀ ਜਾਗਰੂਕ ਰਹਿਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਿਹਤਮੰਦ ਧੀ ਹੀ ਸਿਹਤਮੰਦ ਮਾਂ ਬਣਕੇ ਸਿਹਤਮੰਦ ਸਮਾਜ ਦੀ ਸਰਜਣਾ ਕਰਦੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਰੋਗਰਾਮ ਅਫ਼ਸਰ ਸਨੇਹ ਲਤਾ ਵਲੋਂ ਆਏ ਹੋਏ ਮਹਿਮਾਨਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬੱਚੀਆਂ ਦੇ ਰੰਗੋਲੀ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿਚ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਦੀਆਂ ਲੜਕੀਆਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਰਾਪਤ ਕੀਤਾ। ਇਸ ਮੌਕੇ ਸੀਡੀਪੀਓ ਨਤਾਸ਼ਾ ਸਾਗਰ, ਸੀਡੀਪੀਓ ਨਡਾਲਾ ਬਲਵਿੰਦਰ ਜੀਤ ਸਿੰਘ, ਡਾ. ਰਮੇਸ਼ ਕੁਮਾਰੀ ਬੰਗਾ, ਡਾ. ਸਾਰਿਕਾ ਦੁੱਗਲ, ਡਾ. ਆਸ਼ਾ ਮਾਂਗਟ, ਡਾ. ਰਾਜਕਰਨੀ ਅਤੇ ਹੋਰ ਹਾਜ਼ਰ ਸਨ।