ਰਘਬਿੰਦਰ ਸਿੰਘ, ਨਡਾਲਾ

ਬੇਗੋਵਾਲ ਪੁਲਿਸ ਥਾਣੇ ਦੇ ਇਕ ਏਐੱਸਆਈ ਦੇ ਪਾਜ਼ੇਟਿਵ ਆਉਣ ਦੇ ਬਾਅਦ ਪੁਲਿਸ ਮੁਲਾਜ਼ਮਾਂ ਤੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਐੱਸਐੱਮਓ ਬੇਗੋਵਾਲ ਡਾ. ਕਿਰਨਪ੍ਰਰੀਤ ਕੌਰ ਸੇਖੋਂ ਨੇ ਦੱਸਿਆ ਕਿ ਥਾਣੇ 'ਚ ਕੁੱਲ 41 ਮੁਲਾਜ਼ਮ ਹਨ। ਪਹਿਲੇ ਪੜਾਅ 'ਤੇ 5 ਮੁਲਾਜ਼ਮਾਂ ਦੇ ਕਰਵਾਏ ਟੈਸਟਾਂ 'ਚੋਂ ਇਕ ਏਐੱਸਆਈ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਹੁਣ ਇਕ ਸਫਾਈ ਸੇਵਕ ਸਮੇਤ 37 ਪੁਲਿਸ ਵਾਲਿਆਂ ਦੇ ਟੈਸਟ ਕਰਵਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ਆਉਣ ਦੇ ਬਾਅਦ ਵੀ ਪੁਲਿਸ ਵਲੋਂ ਲੋੜੀਂਦਾ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਸੀ ਪਰ ਵਿਭਾਗ ਵੱਲੋਂ ਅਗਲੀ ਕਾਰਵਾਈ ਕਰਦਿਆਂ ਬਾਕੀ ਰਹਿੰਦੇ ਸਾਰੇ ਮੁਲਾਜ਼ਮਾਂ ਦੇ ਟੈਸਟ ਲਏ ਜਾਣਗੇ ਅਤੇ ਸਾਰਿਆਂ ਨੂੰ ਰਿਪੋਰਟਾਂ ਆਉਣ ਤੱਕ ਭੁਲੱਥ ਹਸਪਤਾਲ ਵਿਚ ਰੱਖਿਆ ਜਾਵੇਗਾ। ਉਕਤ ਏਐੱਸਆਈ ਦਸੂਹਾ ਲਾਗੇ ਪਿੰਡ ਗੌਰਸ਼ੀਆਂ ਦਾ ਰਹਿਣ ਵਾਲਾ ਹੈ ਅਤੇ ਕਾਫੀ ਸਮੇਂ ਤੋਂ ਬੇਗੋਵਾਲ ਥਾਣੇ ਵਿਚ ਤਾਇਨਾਤ ਹੈ ਥਾਣੇ ਅੰਦਰ ਉਹ ਇਕ ਮੁਲਾਜਮ ਨਾਲ ਕਮਰੇ ਵਿਚ ਰਹਿ ਰਿਹਾ ਸੀ ਅਤੇ ਰਾਤ 8 ਵਜੇ ਡਿਊਟੀ ਕਰਕੇ ਘਰ ਚਲਾ ਗਿਆ ਸੀ। ਆਈ ਰਿਪੋਰਟ ਸਬੰਧੀ ਉਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਹੁਣ ਉਸ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਰੱਖਿਆ ਜਾਵੇਗਾ। ਪੰਜਾਬ ਵਿਚ ਆਏ ਇਸ ਨਵੇ ਕੇਸ ਦੀ ਗਿਣਤੀ ਹੁਸ਼ਿਆਰਪੁਰ ਵਿਚ ਹੋਵੇਗੀ। ਜਾਣਕਾਰੀ ਅਨੁਸਾਰ ਇਸ ਵੇਲੇ ਪੂਰੇ ਥਾਣਾ ਬੇਗੋਵਾਲ ਨੂੰ ਸੈਨੀਟਾਈਜ ਕੀਤਾ ਜਾ ਰਿਹਾ ਹੈ।