ਅਰਸ਼ਦੀਪ ਸਿੰਘ, ਸੁਲਤਾਨਪੁਰ ਲੋਧੀ : ਇਲਾਕੇ ਦੀ ਸਮਾਜ ਸੇਵੀ ਸ਼ਖ਼ਸੀਅਤ ਤੇ ਪਿੰਡ ਮਿਰਜਾਪੁਰ ਦੇ ਸਰਪੰਚ ਮੋਹਨ ਸਿੰਘ (ਰੀਡਰ) ਨੇ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਵਾਏ ਸਮਾਗਮਾਂ ਦੀ ਸਫਲਤਾ ਲਈ ਸੂਬਾ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੁਲਤਾਨਪੁਰ ਲੋਧੀ ਵਿਚ ਕੀਤੇ ਗਏ ਵਧੀਆ ਪ੍ਰਬੰਧਾਂ ਕਾਰਨ ਪੂਰੀ ਦੁਨੀਆਂ ਵਿਚ ਸ਼ਲਾਘਾ ਹੋ ਰਹੀ ਹੈ। ਰੀਡਰ ਮੋਹਨ ਸਿੰਘ ਸਰਪੰਚ ਨਾਲ ਇਸ ਮੌਕੇ ਮਿਰਜਾਪੁਰ ਦੇ ਜਸਵੀਰ ਸਿੰਘ ਥਿੰਦ, ਸੂਰਤ ਸਿੰਘ ਥਿੰਦ, ਗੁਰਦੁਆਰਾ ਕਮੇਟੀ ਮਿਰਜਾਪੁਰ ਦੇ ਪ੍ਰਧਾਨ ਅਵਤਾਰ ਸਿੰਘ, ਚਾਚਾ ਕਰਨੈਲ ਸਿੰਘ, ਕੁਲਦੀਪ ਸਿੰਘ ਅਤੇ ਪ੍ਰਦੀਪ ਥਿੰਦ ਆਦਿ ਸਨ। ਉਨ੍ਹਾਂ ਕਿਹਾ ਤਕਰੀਬਨ ਇਕ ਮਹੀਨਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ 13 ਹਜ਼ਾਰ ਕਰਮਚਾਰੀ ਅਤੇ ਅਧਿਕਾਰੀ ਦਿਨ ਰਾਤ ਪੂਰੀ ਤਨਦੇਹੀ ਨਾਲ ਸੰਗਤਾਂ ਦੀ ਸੇਵਾ ਵਿਚ ਆਪਣੀ ਡਿਊਟੀ ਨਿਭਾਉਂਦੇ ਰਹੇ ਅਤੇ ਹੋਰ ਵੀ ਵਧੀਆ ਗੱਲ ਇਹ ਰਹੀ ਕਿ ਪੁਲਿਸ ਕਰਮਚਾਰੀਆਂ ਵਲੋਂ ਪੂਰੇ ਸਮਾਗਮਾਂ ਦੌਰਾਨ ਬਿਨਾਂ ਡੰਡੇ ਅਤੇ ਹੱਥਿਆਰਾਂ ਤੋਂ ਸੁਲਤਾਨਪੁਰ ਲੋਧੀ ਵਿਚ ਪੁੱਜੀਆਂ ਲੱਖਾਂ ਸੰਗਤਾਂ ਦੀ ਟਰੈਫਿਕ ਨੂੰ ਕੰਟਰੋਲ ਕੀਤਾ ਅਤੇ ਵਾਹ-ਵਾਹ ਖੱਟੀ। ਰੀਡਰ ਮੋਹਨ ਸਿੰਘ ਨੇ ਕਿਹਾ ਕਿ ਪੁਲਿਸ ਵਿਭਾਗ ਵਲੋਂ ਜਲੰਧਰ ਦੇ ਆਈਜੀ ਨੌਨਿਹਾਲ ਸਿੰਘ, ਜ਼ਿਲ੍ਹਾ ਕਪੂਰਥਲਾ ਦੇ ਐੱਸਐੱਸਪੀ ਸਤਿੰਦਰ ਸਿੰਘ, ਸੁਲਤਾਨਪੁਰ ਲੋਧੀ ਦੇ ਡੀਐੱਸਪੀ ਸਰਵਨ ਸਿੰਘ ਬੱਲ ਅਤੇ ਹੋਰ ਅਧਿਕਾਰੀ ਵਿਸ਼ੇਸ਼ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੀ ਅਗਵਾਈ ਵਿਚ ਪੂਰਾ ਪੁਲਿਸ ਵਿਭਾਗ ਸੰਗਤਾਂ ਦੇ ਜਾਨ-ਮਾਲ ਦੀ ਰੱਖਿਆ ਲਈ 24 ਘੰਟੇ ਸੇਵਾ 'ਤੇ ਰਿਹਾ ਉਨ੍ਹਾਂ ਸੂਬਾ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਤਾਬਦੀ ਮੌਕੇ ਆਪੋ ਆਪਣੇ ਤਰੀਕੇ ਨਾਲ ਕਰਵਾਏ ਗਏ ਪ੍ਰਬੰਧਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਲੱਖਾਂ ਸ਼ਰਧਾਲੂ ਸੁਲਤਾਨਪੁਰ ਲੋਧੀ ਵਿਖੇ ਦਰਸ਼ਨ ਕਰਕੇ ਵੱਖ-ਵੱਖ ਲਾਈਟ ਐਂਡ ਸਾਊਂਡ ਸਮਾਗਮ ਅਤੇ ਡਰੋਨ ਕੈਮਰਿਆਂ ਰਾਹੀਂ ਅਸਮਾਨ ਵਿਚ ਤਾਰੇ ਬਣਾ ਕੇ ਸਜਾਏ ਗਏ ਇੱਕ ਓਅੰਕਾਰ ਦੇ ਦਿ੍ਸ਼ ਵੀ ਪ੍ਰਭਾਵਸ਼ਾਲੀ ਰਹੇ। ਉਨ੍ਹਾਂ ਸਿਵਲ ਅਧਿਕਾਰੀਆਂ ਵਲੋਂ ਸੰਗਤਾਂ ਦੀ ਕੀਤੀ ਸੇਵਾ ਦੀ ਸ਼ਲਾਘਾ ਕੀਤੀ।