ਹਰਮੇਸ਼ ਸਰੋਆ, ਫਗਵਾੜਾ

ਫਗਵਾੜਾ ਨਜ਼ਦੀਕ ਚਹੇੜੂ ਰੇਲਵੇ ਲਾਈਨ 'ਚ ਟਰੇਨ ਦੀ ਚਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਸੂਚਨਾ ਮਿਲਣ 'ਤੇ ਜੀਆਰਪੀ ਪੁਲਿਸ ਫਗਵਾੜਾ ਨੇ ਮੌਕੇ 'ਤੇ ਪਹੁੰਚ ਕੇ ਮਿ੍ਤਕ ਦੇਹ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦਿਆਂ ਇੰਚਾਰਜ ਜੀਆਰਪੀ ਫਗਵਾੜਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚਹੇੜੂ ਰੇਲਵੇ ਸਟੇਸ਼ਨ ਵੱਲੋਂ ਸੂਚਨਾ ਮਿਲੀ ਸੀ ਕਿ ਚਹੇੜੂ ਲਾਗੇ ਲਾਈਨ ਪਾਰ ਕਰ ਰਹੇ ਇਕ ਵਿਅਕਤੀ ਦੀ ਟਰੇਨ ਦੀ ਚਪੇਟ 'ਚ ਆਉਣ ਨਾਲ ਮੌਤ ਹੋ ਗਈ ਉਨ੍ਹਾਂ ਵੱਲੋਂ ਏਐੱਸਆਈ ਹਰਿੰਦਰ ਸਿੰਘ ਨੂੰ ਤੁਰੰਤ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਭੇਜਿਆ ਤੇ ਬਾਅਦ 'ਚ ਆਪ ਵੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਕਾਫੀ ਲੋਕ ਇਕੱਠੇ ਹੋ ਗਏ ਪਰ ਕਿਸੇ ਵੱਲੋਂ ਵੀ ਉਸ ਵਿਅਕਤੀ ਦੀ ਪਛਾਣ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਚੌਕੀ ਪਹੁੰਚ ਗਏ ਤਾਂ ਮਿ੍ਤਕ ਦੇ ਪਰਿਵਾਰਕ ਮੈਂਬਰ ਸੂਚਨਾ ਪਾ ਕੇ ਉਨ੍ਹਾਂ ਕੋਲ ਪੁੱਜੇ ਜਿਨ੍ਹਾਂ ਵੱਲੋਂ ਮਿ੍ਤਕ ਦੀ ਸ਼ਨਾਖਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਪਛਾਣ ਹਰਭਜਨ ਸਿੰਘ ਪੁੱਤਰ ਜੀਵਨ ਸਿੰਘ ਵਾਸੀ ਨੰਗਲ ਮੱਝਾ ਥਾਣਾ ਸਦਰ ਫਗਵਾੜਾ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।