ਪੱਤਰ ਪ੍ਰਰੇਰਕ, ਫਗਵਾੜਾ : ਸਮਾਜਿਕ ਸੰਸਥਾ ਏਕ ਕੋਸ਼ਿਸ਼ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਦੇ ਉਪਰਾਲੇ ਅਤੇ ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਵਰਲਡ ਸਪੈਰੋ ਡੇ ਮਨਾਇਆ ਗਿਆ, ਜਿਸ 'ਚ ਐੱਸਐੱਲ ਗੁਪਤਾ ਸੀਨੀਅਰ ਇੰਜੀਨੀਅਰ ਮਿਊਂਸਪਲ ਕਾਰਪੋਰੇਸ਼ਨ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਜਨਰਲ ਸਕੱਤਰ ਮਲਕੀਤ ਸਿੰਘ ਰਘਬੋਤਰਾ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਮੁੱਖ ਮਹਿਮਾਨ ਨੇ ਸ਼ਮਾ ਰੌਸ਼ਨ ਕਰ ਕੇ ਸਮਾਗਮ ਦੀ ਸ਼ੁਰੂਆਤ ਕਰਵਾਈ। ਮਲਕੀਅਤ ਸਿੰਘ ਰਘਬੋਤਰਾ ਨੇ 20 ਮਾਰਚ ਦੇ ਦਿਨ ਦੀ ਮਹੱਤਤਾ, ਚਿੜੀਆਂ ਦੀ ਅਲੋਪ ਹੋ ਰਹੀ ਆਬਾਦੀ, ਇਸ ਦੇ ਕਾਰਨਾਂ, ਸੁਰੱਖਿਆ ਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਵੇਂ ਤੇਜ਼ੀ ਨਾਲ ਸ਼ਹਿਰੀਕਰਨ, ਪ੍ਰਦੂਸ਼ਣ, ਜਗ੍ਹਾ ਦੀ ਘਾਟ, ਰੁੱਖਾਂ ਦੀ ਕਟਾਈ, ਪੈਸਟੀਸਾਈਡ, ਟਾਵਰ ਦੀਆਂ ਕਿਰਨਾਂ, ਖਾਦ ਲਗਾਤਾਰ ਚਿੜੀਆਂ ਦੀ ਆਬਾਦੀ ਘਟਾਉਣ 'ਚ ਜ਼ਿੰਮੇਵਾਰ ਹਨ। ਹਰ ਆਮ ਤੇ ਖਾਸ ਨੂੰ ਇਸ ਛੋਟੇ ਜਿਹੇ ਪੰਛੀ ਦੀ ਸੁਰੱਖਿਆ ਬਾਰੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਸਾਲ ਦਾ ਥੀਮ 'ਆਈ ਲਵ ਸਪੈਰੋ' ਰੱਖਿਆ ਗਿਆ। ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਹਾਊਸ ਪੰਛੀ ਚਿੜੀ, ਭਾਰਤ ਦੀ ਸੋਨੇ ਦੀ ਚਿੜੀਆ ਵੀ ਆਖੀ ਜਾਂਦੀ ਹੈ। ਇਸ ਨੂੰ ਮਾਣ ਦਿੰਦੇ ਭਾਰਤ 'ਚ ਕਈ ਗੀਤ ਵੀ ਲੋਕ ਪ੍ਰਚਲਿਤ ਹੋਏ ਹਨ। ਗ੍ਰੀਸ ਸ਼ਹਿਰ ਵਿਚ ਵੀ ਇਸ ਹਾਊਸ ਚਿੜੀ ਨੂੰ ਪਵਿੱਤਰ ਪੰਛੀ, ਪਿਆਰ ਦੇ ਪ੍ਰਤੀਕ ਦਾ ਖਿਤਾਬ ਦਿੱਤਾ ਗਿਆ ਹੈ। ਦਿੱਲੀ ਸਰਕਾਰ ਨੇ ਵੀ ਇਸ ਨੂੰ 2012 ਵਿਚ ਸੂਬਾ ਪੰਛੀ ਦਾ ਖਿਤਾਬ ਦਿੱਤਾ ਹੈ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਪਾਣੀ ਰੱਖਣ ਵਾਲੇ ਬਾਊਲ, ਚਿੜੀਆਂ ਲਈ ਦਾਣੇ ਦੇ ਪੈਕਟ ਵੰਡੇ ਗਏ। ਸਾਰਿਆਂ ਨੂੰ ਬੇਨਤੀ ਕੀਤੀ ਗਈ ਕਿ ਇਸ ਪ੍ਰਜਾਤੀ ਨੂੰ ਬਚਾਉਣ 'ਚ ਆਪਣਾ ਯੋਗਦਾਨ ਪਾਇਆ ਜਾਵੇ। ਇਸ ਮੌਕੇ ਏਕ ਕੋਸ਼ਿਸ਼ ਦੇ ਸਕੱਤਰ ਸੂਧਾ ਬੇਦੀ, ਖਜਾਨਚੀ ਮੋਹਨ ਲਾਲ, ਓਂਕਾਰ ਸਿੰਘ ਪਰਮਾਰ, ਦੇਵ ਕਾਲੀਆ, ਰਾਜ ਪਾਲ ਨਹਿਰਾ, ਗੁਲਸ਼ਨ ਕਪੂਰ, ਰਮਨ ਨਹਿਰਾ, ਹਰਜਿੰਦਰ ਸੰਧੂ, ਟੀਡੀ ਚਾਵਲਾ, ਕੰਵਰ ਪਾਲ, ਰਵਿੰਦਰ ਸਿੰਘ ਕਲਸੀ, ਅਮਰਜੀਤ ਸਿੰਘ, ਵਿਸ਼ਵਾਮਿੱਤਰ, ਅੰਜੂ ਖੁਰਾਨਾ, ਜਸਬੀਰ ਕੌਰ, ਪਿੰਕੀ, ਸੋਨਾਲੀ, ਮੁਸਕਾਨ, ਐੱਮਸੀ ਚਾਵਲਾ ਆਦਿ ਹਾਜ਼ਰ ਸਨ।