ਕੁਲਬੀਰ ਮਿੰਟੂ, ਸੁਲਤਾਨਪੁਰ ਲੋਧੀ : ਕੋਰੋਨਾ ਵਾਇਰਸ ਲਾਕਡਾਊਨ ਕਾਰਨ ਬਾਜ਼ਾਰ ਦੀ ਮੰਦੀ ਤੇ ਮੌਸਮੀ ਤਬਦੀਲੀ ਕਾਰਨ ਖਰਬੂਜਿਆਂ ਨੂੰ ਪਈ ਬਿਮਾਰੀ ਕਾਰਨ ਕਿਸਾਨ ਕਾਫ਼ੀ ਪ੍ਰਰੇਸ਼ਾਨ ਹਨ। ਪਿੰਡ ਪਾਜੀਆਂ ਦੇ 50 ਏਕੜ ਤੋਂ ਵੱਧ ਜ਼ਮੀਨ ਵਿੱਚ ਖਰਬੂਜਿਆਂ ਦੀ ਕਾਸ਼ਤ ਕਰਨ ਵਾਲੇ ਪਹਿਲਵਾਨ ਫਾਰਮ ਦੇ ਕਿਸਾਨ ਸੁਖਜੀਤ ਸਿੰਘ ਥਿੰਦ ਨੇ ਦੱਸਿਆ ਕਿ ਉਹ ਪਿਛਲੇ ਦਸ ਸਾਲਾਂ ਤੋਂ ਖਰਬੂਜਿਆਂ ਦੀ ਖੇਤੀ ਕਰ ਰਿਹਾ ਹੈ ਅਤੇ ਪਿਛਲੇ ਸਾਲ ਵੀ ਖਰਬੂਜਿਆਂ ਦੀ ਫ਼ਸਲ ਬਹੁਤ ਵਧੀਆ ਨਹੀਂ ਹੋਈ ਤੇ ਇਸ ਵਾਰ ਬਲਾਈਟ, ਉੱਲੀ ਰੋਗ ਪੈਣ ਕਾਰਨ ਵੇਲਾ ਸੁੱਕਣੀਆਂ ਸ਼ੁਰੂ ਹੋ ਗਈਆਂ ਹਨ ਜਿਸ ਕਰਕੇ ਪ੍ਰਤੀ ਏਕੜ 'ਤੇ ਖਰਚ ਹੋਇਆ ਖਰਚਾ ਵੀ ਪੂਰਾ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਅੱਧ ਤੋਂ ਵੱਧ ਫਸਲ ਖਰਾਬ ਹੋ ਚੁੱਕੀ ਹੈ ਅਤੇ ਬਾਜ਼ਾਰ ਵਿਚ ਕੋਰੋਨਾ ਵਾਇਰਸ ਅਤੇ ਲਾਕਡਾਊਨ ਕਾਰਨ ਕੀਮਤਾਂ ਵੀ ਡਿੱਗ ਰਹੀਆਂ ਹਨ। ਕਿਸਾਨ ਸੁਖਜੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਨੂੰ ਖਰਬੂਜ਼ਿਆਂ ਦੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਕਿਸਾਨ ਗੁਰਨਾਮ ਸਿੰਘ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਕਿਸਾਨਾਂ ਨੂੰ ਝੋਨੇ ਕਣਕ ਦੇ ਫ਼ਸਲੀ ਚੱਕਰ ਵਿਚੋਂ ਬਾਹਰ ਕੱਢ ਕੇ ਹੋਰ ਫਸਲਾਂ ਬੀਜਣ ਲਈ ਉਤਸ਼ਾਹ ਕਰ ਰਹੀ ਹੈ ਪਰ ਜਦੋਂ ਇਸ ਬਦਲਵੀਂ ਫਸਲ ਤੇ ਕੁਦਰਤੀ ਮਾਰ ਪੈ ਕੇ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਅਤੇ ਖੇਤੀ ਵਿਭਾਗ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਦਲਵੀਂ ਫਸਲ ਦੇ ਹੋਏ ਨੁਕਸਾਨ ਲਈ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਕਿਸਾਨ ਖੁਸ਼ਹਾਲ ਹੋ ਸਕੇ।