ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਅਗਾਂਹਵਧੂ ਕਿਸਾਨਾਂ ਨਾਲ ਵਿਚਾਰ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਨਾਜ਼ਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੱਖ-ਵੱਖ ਤਰੀਕੇ ਸਿਫਾਰਸ਼ ਕੀਤੇ ਗਏ ਹਨ। ਭਾਵੇਂ ਕਿ ਇਹ ਸਾਰੇ ਤਰੀਕੇ ਕਈ ਵਰਿ੍ਹਆਂ ਤੋਂ ਕਿਸਾਨਾਂ ਵੱਲੋਂ ਅਪਣਾਏ ਜਾ ਰਹੇ ਹਨ ਅਤੇ ਕਿਸਾਨ ਆਪਣੀ ਖੇਤ ਦੀ ਮਿੱਟੀ ਮੁਤਾਬਕ ਇਨ੍ਹਾਂ ਤਰੀਕਿਆਂ 'ਚੋਂ ਢੁਕਵੇਂ ਤਰੀਕੇ ਦੀ ਚੋਣ ਕਰਦੇ ਆ ਰਹੇ ਹਨ। ਕੋਵਿਡ 19 ਮਹਾਂਮਾਰੀ ਦੀ ਬਿਮਾਰੀ ਦੇ ਚਲਦਿਆਂ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਿਸਾਨਾਂ ਲਈ ਫਿਕਰ ਦੀ ਘੜੀ ਹੈ। ਪਿੰਡਾਂ ਦੀ ਲੇਬਰ ਵੱਲੋਂ ਝੋਨੇ ਦੀ ਲਵਾਈ ਦੇ ਮੂੰਹ ਮੰਗੇ ਰੇਟ ਮੰਗੇ ਜਾਣ ਕਰਕੇ ਕਿਸਾਨਾਂ ਨੂੰ ਆਪਣੇ ਝੋਨੇ ਦੀ ਬਿਜਾਈ ਦੇ ਤਰੀਕਿਆਂ ਵਿਚ ਤਬਦੀਲੀ ਕਰਨ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਕਿਸਾਨਾਂ ਵੱਲੋਂ ਸਿੱਧੀ ਬਿਜਾਈ ਬਾਰੇ ਦਿਲਚਸਪੀ ਵਿਖਾਈ ਜਾ ਰਹੀ ਹੈ। ਪੰਜਾਬ ਦੇ ਕਿਸਾਨਾਂ ਲਈ ਮੁਸ਼ਕਿਲਾਂ ਨਾਲ ਲੜਨਾ ਆਮ ਗੱਲ ਹੈ ਪਰ ਅਜੋਕੇ ਸਮੇਂ ਦੌਰਾਨ ਬਹੁਤ ਸਾਵਧਾਨੀਆਂ ਵਰਤਣ ਦੀ ਲੋੜ ਹੈ। ਲੋੜ ਹੈ ਕਿਸਾਨਾਂ ਨੂੰ ਮਾਹਰਾਂ ਦੀ ਸਲਾਹ ਲੈ ਕੇ ਹੀ ਸਿੱਧੀ ਬਿਜਾਈ ਹੇਠ ਰਕਬਾ ਲਿਆਂਦਾ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਸਿਧੀ ਬਿਜਾਈ ਨੂੰ ਬੜੇ ਧਿਆਨ ਨਾਲ ਅਪਣਾਇਆ ਜਾਵੇ ਆਪਣੀ ਕੁਲ ਬਿਜਾਦ ਦਾ 25 ਫ਼ੀਸਦੀ ਰਕਬਾ ਹੀ ਇਸ ਵਿਧੀ ਹੇਠ ਲਿਆਂਦਾ ਜਾਵੇ। ਭਾਵੇਂ ਇਸ ਵਿਧੀ ਵਿਚ ਕੋਈ ਸ਼ੱਕ ਦੀ ਗੰੁਜਾਇਸ਼ ਨਹੀ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸੋਧ ਕੇ ਹੀ ਇਸ ਸਾਲ ਸਿਫਾਰਸ਼ ਦਿੱਤੀ ਗਈ ਹੈ ਫਿਰ ਵੀ ਕਿਸਾਨਾਂ ਨੂੰ ਇਹ ਵਿਧੀ ਪਹਿਲਾਂ ਤਜਰਬੇ ਤੇ ਫਿਰ ਵੱਡੀ ਪੱਧਰ 'ਤੇ ਅਪਣਾਉਣੀ ਚਾਹੀਦੀ ਹੈ। ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿਚ ਰੱਖਦਿਆਂ ਧਿਆਨ ਨਾਲ ਚੱਲਣ ਦੀ ਲੋੜ ਹੈ। ਖੇਤ ਵਿਚ ਪਿਛਲੇ ਸਾਲ ਦੇ ਕਿਰੇ ਬੀਜ ਦੀ ਸਮੱਸਿਆ ਨੂੰ ਹੱਲ ਕਰਨ ਲਈ ਜਾਂ ਤਾਂ ਪਿਛਲੇ ਸਾਲ ਵਾਲੀ ਕਿਸਮ ਹੀ ਇਸੇ ਸਾਲ ੳੇੁਸ ਖੇਤ ਵਿਚ ਬੀਜੀ ਜਾਵੇ ਜਾਂ ਬੀਜ ਕੇਰਨ ਤੋਂ ਪਹਿਲਾਂ ਰਾਉਣੀ ਬਾਅਦ ਚੰਗੀ ਤਰ੍ਹਾਂ ਵਹਾਈ ਕਰਕੇ ਪਿਛਲੇ ਸਾਲ ਦੇ ਉਘੇ ਝੋਨੇ ਦੇ ਬੂਟਿਆ ਨੂੰ ਵਾਹ ਕੇ ਖਤਮ ਕਰ ਲਿਆ ਜਾਵੇ ਅਤੇ ਫਿਰ ਦੋਹਰਾ ਸੁਹਾਗਾ ਫੇਰ ਕੇ ਸਿਧੀ ਬਿਜਾਈ ਕੀਤੀ ਜਾਵੇ। ਬੀਜ ਸੋਧ ਹਰ ਫਸਲ ਲਈ ਜ਼ਰੂਰੀ ਹੈ ਇਸ ਲਈ ਸਿਧੀ ਬਿਜਾਈ ਲਈ 8-10 ਕਿੱਲੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਨੂੰ ਬੀਜਣ ਤੋਂ ਪਹਿਲਾਂ 3 ਗ੍ਰਾਮ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ+ ਕਾਰਬੈਂਡਾਜ਼ਿਮ) ਦਵਾਈ ਨੂੰ 10-12 ਮਿਲੀਲਿਟਰ ਪਾਣੀ ਦੇ ਘੋਲ ਵਿਚ 8-10 ਘੰਟੇ ਸੋਧ ਲਵੋ, ਬੀਜ ਵਰਤਣ ਤੋਂ ਪਹਿਲਾਂ ਬੀਜ ਨੂੰ ਛਾਵੇ ਸੁਕਾ ਲਉ।ਬੀਜ ਦੀ ਡੂੰਘਾਈ 2-3 ਸੈਂਟੀਮੀਟਰ ਤੇ ਰੱਖੀ ਜਾਵੇ ਕਿਉਂਕਿ ਜ਼ਿਆਦਾ ਡੂੰਘਾ ਬੀਜਿਆ ਹੋਇਆ ਬੀਜ ਨਹੀਂ ਜੰਮਦਾ। ਝੋਨੇ ਦੀਆਂ ਪਰਮਲ ਕਿਸਮਾਂ ਜਿਵੇ ਕਿ ਪੀਆਰ 126 ਪੀਆਰ 114 ਪੀਆਰ 121 ਪੀਆਰ 122 ਪੀਆਰ 127 ਕਿਸਮ ਸਿੱਧੀ ਬਿਜਾਈ ਲਈ ਢੱੁਕਵੀਆਂ ਹਨ। ਬਾਸਮਤੀ ਦੀਆਂ ਕਿਸਮਾਂ ਜਿਵੇਂ ਕਿ ਪੂਸਾ ਬਾਸਮਤੀ 1121 ਪੂਸਾ ਬਾਸਮਤੀ 1509 ਪੂਸਾ ਬਾਸਮਤੀ 1718 ਵਿੱਚੋਂ ਚੋਣ ਕਰੋ। ਕਲਰਾਠੀਆਂ ਜ਼ਮੀਨਾਂ ਵਿੱਚ ਪੀ ਆਰ 127 ਕਿਸਮ ਦੀ ਕਾਸ਼ਤ ਨਾ ਕਰੋ। ਮਾਹਿਰਾਂ ਦੀ ਸਿਫਾਰਸ਼ਾਂ ਅਨੁਸਾਰ ਬੀਜ ਦੀ ਮਾਤਰਾ ਨਾ ਵਧਾਈ ਜਾਵੇ ਅਤੇ ਸਮੇਂ ਸਿਰ ਹੀ ਬਿਜਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਿਚ ਨਦੀਨਾਂ ਦੀ ਰੋਕਥਾਮ ਅਹਿਮ ਕੜੀ ਹੈ ਇਸ ਲਈ ਨਦੀਨ ਨਾਸ਼ਕ ਦਵਾਈਆਂ ਬਾਰੇ ਅਗਾਉਂ ਪ੍ਰਬੰਧ ਕਰਨੇ ਬਹੁਤ ਜ਼ਰੂਰੀ ਹਨ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨੁਕਸਾਨ ਦਾ ਕਾਰਣ ਬਣ ਸਕਦੀ ਹੈ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 2 ਦਿਨਾਂ ਅੰਦਰ 1.0 ਲਿਟਰ ਪ੍ਰਤੀ ਏਕੜ ਸਟੌਂਪ/ਬੰਕਰ 30 ਈਸੀ (ਪੈਂਡੀਮੈਥਾਲਿਨ) ਨੂੰ ਵੱਤਰ ਖੇਤ ਵਿਚ 200 ਲਿਟਰ ਪਾਣੀ ਵਿਚ ਘੋਲ ਕੇ ਿਛੜਕਾਅ ਕਰੋ। ਚੰਗੇ ਨਤੀਜਿਆਂ ਲਈ ਬਿਜਾਈ ਵਾਲੇ ਦਿਨ ਹੀ ਸ਼ਾਮ ਨੂੰ ਸਟੌਂਪ ਸਪਰੇ ਕਰ ਦੇਣੀ ਚਾਹੀਦੀ ਹੈ ਕਿਉਂਕਿ ਰਾਤ ਨੂੰ ਦਿਨ ਦੇ ਮੁਕਾਬਲੇ ਖੇਤ ਵਿਚ ਨਮੀ ਅਤੇ ਠੰਢਾ ਤਾਪਮਾਨ ਵੱਧ ਹੋਣ ਕਰਕੇ ਦਵਾਈ ਦਾ ਅਸਰ ਵੱਧਦਾ ਹੈ ਅਤੇ ਨਦੀਨਾਂ ਦੀ ਵਧੀਆ ਰੋਕਥਾਮ ਹੁੰਦੀ ਹੈ।