ਸੁਖਜਿੰਦਰ ਸਿੰਘ ਮੁਲਤਾਨੀ, ਭੁਲੱਥ : ਥਾਣਾ ਬੇਗੋਵਾਲ ਦੀ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 6 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ।

ਸਬ ਡਵੀਜ਼ਨ ਭੁਲੱਥ ਦੇ ਡੀਐੱਸਪੀ ਸੁਖਨਿੰਦਰ ਸਿੰਘ ਨੇ ਆਪਣੇ ਦਫਤਰ ਵਿਖੇ ਪ੍ਰਰੈੱਸ ਕਾਰਨਫਰੰਸ ਦੌਰਾਨ ਦੱਸਿਆ ਕਿ ਐੱਸਐੱਚਓ ਬੇਗੋਵਾਲ ਦੀਪਕ ਸ਼ਰਮਾ ਦੀ ਅਗਵਾਈ ਹੇਠ ਐੱਸਆਈ ਸਵਿੰਦਰਜੀਤ ਸਿੰਘ ਥਾਣਾ ਬੇਗੋਵਾਲ ਵੱਲੋਂ ਦਰਜ ਕੀਤੇ ਗਏ ਮੁਕੱਦਮਾ ਨੰਬਰ 94 ਤਹਿਤ ਗੁਲਜਾਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਲੰਮੇ ਨੇ ਬਿਆਨ ਦਰਜ ਕਰਵਾਏ ਸਨ ਕਿ 24 ਨਵੰਬਰ ਨੂੰ ਉਨ੍ਹਾਂ ਦੇ ਘਰੋਂ ਰਾਤ ਸਮੇਂ 4 ਅਣਪਛਾਤਿਆਂ ਨੇ 6-7 ਤੋਲੇ ਸੋਨੇ ਅਤੇ 30 ਹਜ਼ਾਰ ਰੁਪਏ ਨਕਦੀ ਚੋਰੀ ਕਰ ਕੇ ਲੈ ਗਏ। ਜਿਸ 'ਤੇ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕੀਤੀ ਗਈ ਤਾਂ ਮੁਕੱਦਮੇ ਵਿਚ ਮੁਲਜ਼ਮ ਵਿੱਕੀ ਪੁੱਤਰ ਬਾਬੂ ਰਾਮ, ਰਾਜਵੀਰ ਉਰਫ ਰਾਜਾ ਪੁੱਤਰ ਸੋਢੀ ਤੇ ਦੋ ਜੁਵਨਾਈਲ ਸਾਰੇ ਵਾਸੀਆਨ ਮੁਹੱਲਾ ਸਲਾਮਤਪੁਰ ਭੁਲੱਥ ਥਾਣਾ ਭੁਲੱਥ ਨੂੰ ਗਿ੍ਫ਼ਤਾਰ ਕੀਤਾ ਗਿਆ।

ਪੱੁਛਗਿੱਛ ਦੌਰਾਨ ਉਨ੍ਹਾਂ ਮੰਨਿਆ ਕਿ ਉਨ੍ਹਾਂ ਵੱਲੋਂ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਇਸ ਤੋਂ ਇਲਾਵਾ, ਇਨ੍ਹਾਂ ਨੇ ਆਪਣੇ ਸਾਥੀਆਂ ਨਾਲ ਹਮਸਲਾਹ ਹੋ ਕੇ ਕੀਤੀਆਂ ਹੋਰ ਵੀ ਚੋਰੀਆਂ ਮੰਨੀਆਂ, ਜਿਸ ਵਿਚ 11 ਤੇ 12 ਨਵੰਬਰ ਦੀ ਦਰਮਿਆਨੀ ਰਾਤ ਨੂੰ ਬੱਸ ਸਟੈਂਡ ਬੇਗੋਵਾਲ ਨਜ਼ਦੀਕ ਲੱਗੇ ਟਾਵਰ ਦੀਆਂ ਤਿੰਨ ਬੈਟਰੀਆਂ ਚੋਰੀ ਕੀਤੀਆਂ ਹਨ। ਇਸ ਸਬੰਧੀ ਥਾਣਾ ਬੇਗੋਵਾਲ ਵਿਖੇ ਮੁਕੱਦਮਾ ਦਰਜ ਹੈ। 1 ਤੇ 2 ਅਗਸਤ ਦੀ ਦਰਮਿਆਨ ਰਾਤ ਨੂੰ ਪਿੰਡ ਜੋਗਿੰਦਰ ਨਗਰ ਲੇਡੀਜ਼ ਦੀਆਂ ਵਾਲੀਆਂ ਅਤੇ ਗਲੇ ਵਿਚ ਪਾਈ ਸੋਨੇ ਦੀ ਚੇਨੀ ਤੇ ਇਕ ਚਾਂਦੀ ਦੀ ਚੇਨ ਅਤੇ ਇਕ ਮੋਬਾਈਲ ਫੋਨ ਚੋਰੀ ਕੀਤਾ ਸੀ। ਇਸ ਸਬੰਧੀ ਥਾਣਾ ਭੁਲੱਥ ਵਿਖੇ ਕੇਸ ਦਰਜ ਹੈ। ਪਹਿਲੀ ਤੇ 2 ਸਤੰਬਰ ਦੀ ਰਾਤ ਨੂੰ ਪਿੰਡ ਕਮਰਾਏ ਦੇ ਇਕ ਘਰ ਵਿਚ ਦਾਖਲ ਹੋ ਕੇ ਇਕ ਲੇਡੀਜ਼ ਦੇ ਕੰਨਾਂ ਵਿਚ ਪਾਈਆਂ ਵਾਲੀਆਂ, ਇਕ ਸੋਨੇ ਦੀ ਚੂੜੀ ਅਤੇ ਦੋ ਮੁੰਦਰੀਆਂ ਤੇ 40 ਹਜ਼ਾਰ ਰੁਪਏ ਚੋਰੀ ਕੀਤੇ। ਇਸ ਸਬੰਧੀ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਹੈ। 21 ਤੇ 22 ਸਤੰਬਰ ਦੀ ਰਾਤ ਨੂੰ ਪਿੰਡ ਮੇਤਲਾ ਵਿਖੇ ਇਕ ਘਰ ਨੂੰ ਤਾਲਾ ਲੱਗਾ ਹੋਣ ਕਰ ਕੇ ਉਸ ਦੀਆਂ ਕੰਧਾਂ ਟੱਪ ਕੇ ਅੰਦਰ ਵੜ ਗਏ ਅਤੇ ਘਰ ਦੀ ਫਰੋਲਾ-ਫਰੋਲੀ ਕੀਤੀ ਪਰ ਘਰ ਵਿਚੋਂ ਕੋਈ ਵੀ ਨਕਦੀ ਜਾਂ ਸੋਨਾ ਨਹੀਂ ਮਿਲਿਆ ਸੀ ਅਤੇ ਉਨ੍ਹਾਂ ਨੇ ਜਾਂਦੇ ਸਮੇਂ ਘਰ ਨੂੰ ਅੱਗ ਲਾ ਦਿੱਤੀ ਸੀ। ਇਸ ਸਬੰਧੀ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਹੈ।

ਡੀਐੱਸਪੀ ਸੁਖਨਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਛੇ ਮੁਲਜ਼ਮਾਂ ਵਿਚੋਂ 2 ਜੁਵੇਨਾਈਲ ਜੋ 18 ਸਾਲ ਤੋਂ ਘੱਟ ਉਮਰ ਦੇ ਹਨ, ਜਦਕਿ ਚਾਰਾਂ ਦੀ ਪਛਾਣ ਵਿੱਕੀ ਪੁੱਤਰ ਬਾਬੂ ਰਾਮ, ਰਾਜਵੀਰ ਉਰਫ ਰਾਜਾ, ਜਸਪਾਲ ਉਰਫ ਬੁੱਲੀ ਤੇ ਕੌਸ਼ਲ ਵਾਸੀ ਸਲਾਮਤਪੁਰ ਭੁਲੱਥ ਹੈ। ਇਸ ਤੋਂ ਇਲਾਵਾ, ਇਨ੍ਹਾਂ ਦੇ ਦੋ ਹੋਰ ਸਾਥੀ ਕਰਨ ਤੇ ਜੌਨੀ ਵਾਸੀ ਸਲਾਮਤਪੁਰ ਫਰਾਰ ਹਨ। ਜਿਨ੍ਹਾਂ ਨੂੰ ਵੀ ਜਲਦ ਫੜ ਲਿਆ ਜਾਵੇਗਾ। ਡੀਐੱਸਪੀ ਸੁਖਨਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਪਿੰਡ ਲੰਮੇ ਤੋਂ ਚੋਰੀ ਕੀਤੇ ਸੋਨੇ ਦੇ ਗਹਿਣੇ ਅਤੇ ਵਾਰਦਾਸ ਸਮੇਂ ਵਰਤੇ 2 ਮੋਟਰਸਾਈਕਲ, ਇਕ ਕਿਰਪਾਨ ਤੇ ਤਿੰਨ ਦਾਤਰ ਬਰਾਮਦ ਕੀਤੇ ਗਏ ਹਨ।