ਸਟਾਫ ਰਿਪੋਰਟਰ, ਕਪੂਰਥਲਾ : ਕਪੂਰਥਲਾ ਦੇ ਸੈਨਿਕ ਸਕੂਲ ’ਚ ਸੀਨੀਅਰ ਵਿਦਿਆਰਥੀਆਂ ਵੱਲੋਂ ਜੂਨੀਅਰ ਵਿਦਿਆਰਥੀਆਂ ਦੀ ਰੈਗਿੰਗ ਅਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਗਰਮੀਆਂ ਦੀਆਂ ਛੁੱਟੀਆਂ ਤੋਂ ਘਰ ਪਰਤੇ ਵਿਦਿਆਰਥੀ ਆਪਣੇ ਜ਼ਖਮਾਂ ਦੇ ਨਿਸ਼ਾਨ ਦਿਖਾਉਂਦੇ ਹੋਏ ਮਾਪਿਆਂ ਨੂੰ ਸਾਰੀ ਗੱਲ ਦੱਸੀ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਮਾਪਿਆਂ ’ਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ ਅਤੇ ਇਸ ਸਬੰਧੀ ਡੀਸੀ ਕਪੂਰਥਲਾ ਨੂੰ ਸ਼ਿਕਾਇਤ ਵੀ ਭੇਜ ਦਿੱਤੀ ਗਈ ਹੈ। ਡੀਸੀ ਵਿਸ਼ੇਸ਼ ਸਾਰੰਗਲ ਦੇ ਹੁਕਮਾਂ ’ਤੇ ਐੱਸਡੀਐੱਮ ਡਾ ਜੈ ਇੰਦਰ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਸੈਨਿਕ ਸਕੂਲ ਦੀ ਵਾਈਸ ਪ੍ਰਿੰਸੀਪਲ ਵਿੰਗ ਕਮਾਂਡਰ ਦੀਪਿਕਾ ਰਾਵਤ ਨੇ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ 3 ਮੈਂਬਰੀ ਕਮੇਟੀ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸ ਦੇਈਏ ਕਿ ਜਲੰਧਰ ਦੇ ਰਹਿਣ ਵਾਲੇ ਇੱਕ ਮਾਤਾ ਪਿਤਾ ਨੇ ਮਾਮਲੇ ਦੀ ਪੈਰਵੀ ਕਰਦੇ ਹੋਏ ਸਮਾਜ ਸੇਵੀ ਮੌਂਟੀ ਸਹਿਗਲ ਨੇ ਡੀਸੀ ਵਿਸ਼ੇਸ਼ ਸਾਰੰਗਲ ਨੂੰ ਸੈਨਿਕ ਸਕੂਲ ਵਿੱਚ ਸੀਨੀਅਰਜ਼ ਵੱਲੋਂ ਜੂਨੀਅਰ ਬੱਚਿਆਂ ਦੀ ਰੈਗਿੰਗ ਤੇ ਕੁੱਟਮਾਰ ਦੇ ਮਾਮਲੇ ਦੀ ਨਿਰਪੱਖ ਜਾਂਚ ਲਈ ਸ਼ਿਕਾਇਤ ਦਿੱਤੀ ਹੈ। ਜਲੰਧਰ ਤੋਂ ਇਲਾਵਾ ਪਠਾਨਕੋਟ ਦੇ ਬੱਚੇ ਨਾਲ ਵੀ ਅਜਿਹਾ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੀੜਤ ਪਰਿਵਾਰ ਦੇ ਬੱਚਿਆਂ ਨੇ ਦੱਸਿਆ ਕਿ ਅਧਿਆਪਕ ਸੀਨੀਅਰ ਵਿਦਿਆਰਥੀਆਂ ਨੂੰ ਮੋਨੀਟਰ ਬਣਾਉਂਦੇ ਹਨ ਤੇ ਅਨੁਸ਼ਾਸਨ ਦੇ ਨਾਂ ’ਤੇ ਜੂਨੀਅਰਾਂ ਨਾਲ ਅਣਮਨੁੱਖੀ ਵਿਹਾਰ ਕਰਦੇ ਹਨ। ਇੱਥੋਂ ਤਕ ਕਿ ਸੀਨੀਅਰ ਜੂਨੀਅਰ ਤੋਂ ਹੋਮਵਰਕ ਅਤੇ ਕੱਪੜੇ ਵੀ ਧੁਲਵਾਉਂਦੇ ਹਨ।

ਮੌਂਟੀ ਸਹਿਗਲ ਅਨੁਸਾਰ, ਜ਼ਿਆਦਾਤਰ ਵਿਦਿਆਰਥੀਆਂ ਨਾਲ ਅਜਿਹਾ ਹੋ ਰਿਹਾ ਹੈ, ਸੈਨਿਕ ਸਕੂਲ ਦੀ ਪ੍ਰਬੰਧਕੀ ਵੀ ਇਸ ਗੱਲ ਤੋਂ ਜਾਣੂ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਕੂਲ ਮੈਨੇਜਮੈਂਟ ਇਸ ਮਾਮਲੇ ਵਿੱਚ ਢਿੱਲਮੱਠ ਵਾਲਾ ਰਵੱਈਆ ਅਪਣਾ ਰਹੀ ਹੈ। ਇਸ ਲਈ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਦੀ ਨਿਰਪੱਖ ਜਾਂਚ ਕਰਨ ਦੀ ਅਪੀਲ ਕੀਤੀ ਹੈ।

ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਐੱਸਡੀਐੱਮ ਡਾ ਜੈਇੰਦਰ ਸਿੰਘ ਨੇ ਦੱਸਿਆ ਕਿ ਜਲੰਧਰ ਵਾਸੀ ਮਾਤਾ ਪਿਤਾ ਦੀ ਸ਼ਿਕਾਇਤ ਮਿਲੀ ਹੈ, ਜਿਸ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਾਂਚ ਪੂਰੀ ਹੋਣ ਤੋਂ ਬਾਅਦ ਹੀ ਉਹ ਪੂਰੇ ਤੱਥਾਂ ਸਮੇਤ ਜਾਣਕਾਰੀ ਦੇ ਸਕਣਗੇ।

ਮੌਂਟੀ ਸਹਿਗਲ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਕੀਤਾ ਟਵੀਟ

ਜਲੰਧਰ ਦੇ ਸਮਾਜ ਸੇਵੀ ਮੌਂਟੀ ਸਹਿਗਲ ਨੇ ਸੈਨਿਕ ਸਕੂਲ ਦੇ ਬੱਚਿਆਂ ਦੀ ਕੁੱਟਮਾਰ ਦੀ ਫੋਟੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਸਿੱਖਿਆ ਮੰਤਰੀ ਮੀਤ ਹੇਅਰ ਸਮੇਤ ਕਈ ਮੀਡੀਆ ਹਾਊਸਾਂ ਦੇ ਨਾਂ ਟੈਗ ਕਰਕੇ ਇਸ ਮਾਮਲੇ ਵਿੱਚ ਐਂਟੀ ਰੈਗਿੰਗ ਐਕਟ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸੈਨਿਕ ਸਕੂਲ ਦੇ ਵਾਈਸ ਪ੍ਰਿੰਸੀਪਲ ਨੇ ਦੋਸ਼ਾਂ ਨੂੰ ਸਿਰੇ ਤੋਂ ਕੀਤਾ ਖਾਰਜ

ਸੈਨਿਕ ਸਕੂਲ ਦੇ ਵਾਈਸ ਪ੍ਰਿੰਸੀਪਲ ਦੀਪਕਾ ਰਾਵਤ ਨੇ ਦੱਸਿਆ ਕਿ ਜੂਨੀਅਰ ਵਿਦਿਆਰਥੀ ਦੀ ਕੁੱਟਮਾਰ ਦੇ ਮਾਮਲੇ ਬਾਰੇ ਪਤਾ ਲੱਗਦਿਆਂ ਹੀ ਉਨ੍ਹਾਂ ਤੁਰੰਤ ਸਕੂਲ ਸਟਾਫ਼ ਦੀ ਤਿੰਨ ਮੈਂਬਰੀ ਕਮੇਟੀ ਬਣਾ ਕੇ ਨਿਰਪੱਖ ਜਾਂਚ ਕਰਕੇ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ। ਬੱਚਿਆਂ ਨੇ ਮਾਪਿਆਂ ਨੂੰ ਜੋ ਦੱਸਿਆ ਹੈ, ਉਨ੍ਹਾਂ ਨੂੰ ਇਹ ਮਾਮਲਾ ਪਹਿਲਾਂ ਪ੍ਰਬੰਧਕਾਂ ਨੂੰ ਦੱਸਣਾ ਚਾਹੀਦਾ ਸੀ, ਤਾਂ ਜੋ ਇਸ ’ਤੇ ਤੁਰੰਤ ਕਾਰਵਾਈ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਹ ਦੋ ਬੱਚਿਆਂ ਦੀ ਸੁਰੱਖਿਆ ਦਾ ਨਹੀਂ, ਸਗੋਂ ਸਕੂਲ ਦੇ 600 ਬੱਚਿਆਂ ਦੀ ਸੁਰੱਖਿਆ ਦਾ ਸਵਾਲ ਹੈ, ਪੀੜਤਾਂ ਦੇ ਮਾਪਿਆਂ ਨੂੰ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਜੇਕਰ ਸੀਨੀਅਰ ਵਿਦਿਆਰਥੀ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

Posted By: Jagjit Singh