ਸੁਖਜਿੰਦਰ ਸਿੰਘ ਮੁਲਤਾਨੀ, ਬੇਗੋਵਾਲ : ਬੀਤੇ ਦਿਨੀਂ ਬੇਗੋਵਾਲ ਟਾਂਡਾ ਰੋਡ 'ਤੇ ਚੈਸਟਰਨ ਯੂਨੀਅਨ ਦਾ ਕੰਮ ਕਰਨ ਵਾਲੇ ਪਾਸੋਂ ਹਥਿਆਰਬੰਦ ਦੋ ਮੁਲਜ਼ਮਾਂ ਵੱਲੋਂ ਪਿਲਤੌਲ ਦੇ ਜ਼ੋਰ 'ਤੇ 14 ਲੱਖ ਖੋਹਣ ਦੇ ਮਾਮਲੇ 'ਚ ਬੇਗੋਵਾਲ ਪੁਲਿਸ ਨੇ ਘਟਨਾ ਤੋਂ ਚੌਥੇ ਦਿਨ ਬਾਅਦ ਮਾਮਲਾ ਦਰਜ ਕਰ ਹੀ ਲਿਆ। ਇਸ ਸਬੰਧੀ ਬੇਗੋਵਾਲ ਬੱਸ ਸਟੈਂਡ ਨਜ਼ਦੀਕ ਵੈਸਟਰਨ ਯੂਨੀਅਨ ਦਾ ਕੰਮ ਕਰਨ ਵਾਲੇ ਸਰੂਪ ਸਿੰਘ ਪੁੱਤਰ ਪਿਸ਼ੌਰਾ ਸਿੰਘ ਵਾਸੀ ਜਲਾਲਪੁਰ ਥਾਣਾ ਟਾਂਡਾ ਨੇ ਬੇਗੋਵਾਲ ਪੁਲਿਸ ਨੂੰ ਬਿਆਨ ਲਿਖਵਾਏ ਕਿ ਉਹ ਮਿਤੀ 3 ਫਰਵਰੀ ਨੂੰ ਆਪਣੀ ਦੁਕਾਨ ਬੰਦ ਕਰ ਕੇ ਬੇਗੋਵਾਲ ਤੋਂ ਆਪਣੀ ਐਕਟਿਵਾ ਦੀ ਡਿਗੀ 'ਚ 14 ਲੱਖ ਰੁਪਏ ਲੈ ਕੇ ਘਰ ਸਲੇਮਪੁਰ ਨੂੰ ਜਾ ਰਿਹਾ ਸੀ, ਜਦ ਉਹ ਬਾਬਾ ਮੱਖਣਸ਼ਾਹ ਲੁਬਾਣਾ ਯਾਦਗਾਰੀ ਗੇਟ ਤੋਂ ਅੱਗੇ ਲੰਿਘਆ ਤਾਂ ਮਗਰੋਂ ਇਕ ਕਾਲੇ ਰੰਗ ਦਾ ਮੋਟਰਸਾਈਕਲ ਜੋ ਬਿਨਾਂ ਨੰਬਰੀ ਸੀ, 'ਤੇ ਸਵਾਰ ਦੋ ਨੋਜਵਾਨ ਆਏ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ। ਉਨ੍ਹਾਂ ਨੇ ਪਿਸਤੌਲ ਵਿਖਾ ਕੇ ਐਕਟਿਵਾ ਰੁਕਵਾ ਲਈ ਤੇ ਡਰਾ-ਧਮਕਾ ਕੇ 14 ਲੱਖ ਖੋਹ ਲਏ। ਮੁਲਜ਼ਮ ਟਾਂਡਾ ਵੱਲ ਫਰਾਰ ਹੋ ਗਏ। ਬੇਗੋਵਾਲ ਪੁਲਿਸ ਨੇ ਦੋ ਅਣਪਛਾਤੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।