ਅਜੈ ਕਨੌਜੀਆ, ਕਪੂਰਥਲਾ : ਪੰਜਾਬ ਵਿਚ ਆਏ ਦਿਨ ਕਬੂਤਰਬਾਜ਼ੀ ਦੇ ਕਾਰਨਾਮੇ ਸੁਣਨ ਨੂੰ ਮਿਲਦੇ ਹਨ। ਇਕ ਇਹੋ ਜਿਹਾ ਮਾਮਲਾ ਇਥੇ ਵੀ ਦੇਖਣ ਨੂੰ ਮਿਲਿਆ। ਉੱਚਾ ਪਿੰਡ ਦੇ ਰਹਿਣ ਵਾਲੇ ਤਿੰਨ ਲੋਕਾਂ ਵਲੋਂ ਝੂਠ ਬੋਲ ਕੇ ਮਲੇਸ਼ੀਆ ਭੇਜਣ ਦੇ ਨਾਮ 'ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ 6 ਨੌਜਵਾਨ ਜਿਨ੍ਹਾਂ ਵਿਚ ਜਸਵੀਰ ਸਿੰਘ, ਕਮਲਜੀਤ ਸਿੰਘ, ਬਲਦੇਵ ਸਿੰਘ ਕਰਨਦੀਪ ਸਿੰਘ, ਬਲਜਿੰਦਰ ਸਿੰਘ, ਲਾਭਵਿੰਦਰ ਸਿੰਘ, ਨੇ ਮਲੇਸ਼ੀਆ ਜਾਣ ਲਈ 1.25 ਲੱਖ ਰੁਪਏ ਆਪਣੇ ਏਜੰਟ ਨੂੰ ਦਿੱਤੇ ਸੀ। ਏਜੰਟ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੁਹਾਡੇ ਵਰਕ ਪਰਮਿਟ ਮਲੇਸ਼ੀਆ ਜਾ ਕੇ ਲੱਗ ਜਾਣਗੇ। ਪਰ ਜਦੋਂ ਮਲੇਸ਼ੀਆ ਪਹੁੰਚ ਕੇ ਵਾਰਕ ਪਰਮਿਟ ਨਾ ਲੱਗਾ ਤਾਂ ਉਹ ਆਪਣੇ ਪੱਲਿਓਂ ਟਿਕਟ ਖਰਚ ਕੇ ਘਰ ਪਰਤ ਆਏ। ਇਥੇ ਮੁੜ ਪੁੱਜਣ 'ਤੇ ਏਜੰਟ ਨੇ ਉਨ੍ਹਾਂ ਦੀ ਕੋਈ ਗੱਲ ਨਹੀ ਸੁਣੀ ਤਾਂ ਇਹ ਸਾਰਾ ਮਾਮਲਾ ਇਨ੍ਹਾਂ ਲੜਕਿਆਂ ਨੇ ਅਵੀ ਰਾਜਪੂਤ ਨੂੰ ਦੱਸਿਆ। ਅਵੀ ਰਾਜਪੂਤ ਨੇ ਸਾਰੀ ਗੱਲ ਸੁਣਨ ਤੋਂ ਬਾਅਦ ਇਹ ਸਾਰਾ ਮਾਮਲਾ ਕਪੂਰਥਲਾ ਦੇ ਐਸਐਸਪੀ ਦੇ ਧਿਆਨ ਵਿਚ ਲਿਆਂਦਾ। ਅਵੀ ਨੇ ਦੱਸਿਆ ਕਿ ਨੌਜਵਾਨਾਂ ਨਾਲ ਬਹੁਤ ਮਾੜਾ ਸਲੂਕ ਹੋਇਆ ਹੈ। ਨਾ ਰਹਿਣ ਨੂੰ ਜਗ੍ਹਾ ਦਿੱਤੀ ਅਤੇ ਨਾ ਖਾਣ ਨੂੰ ਰੋਟੀ। ਨੌਜਵਾਨਾਂ ਨੂੰ ਜੰਗਲਾਂ ਵਿਚ ਰਹਿਣ ਲਈ ਮਜਬੂਰ ਕੀਤਾ। ਅਵੀ ਰਾਜਪੂਤ ਨੇ ਐਸਐਸਪੀ ਕਪੂਰਥਲਾ ਨੂੰ ਇਨ੍ਹਾਂ ਠੱਗ ਏਜੰਟਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।