ਰਘਬਿੰਦਰ ਸਿੰਘ, ਨਡਾਲਾ : ਬੀਤੀ ਰਾਤ ਚੋਰਾਂ ਨੇ ਨਡਾਲਾ-ਸੁਭਾਨਪੁਰ ਰੋਡ 'ਤੇ ਸਥਿਤ ਪੈਲਿਸ ਵੈਡਿੰਗ ਵਿਲ੍ਹਾ ਨੇੜੇ ਸਥਿਤ ਐੱਚਪੀ ਹਮਾਰਾ ਪੈਟਰੋਲ ਪੰਪ 'ਤੇ ਖੜ੍ਹੀਆਂ ਬੱਸਾਂ, ਕੈਂਟਰ, ਟਰੱਕ ਅਤੇ ਪੰਪ ਵਾਲਿਆਂ ਦੇ ਜਨਰੇੇਟਰ 'ਤੇ ਲੱਗੇ ਬੈਟਰੇ ਚੋਰੀ ਕਰ ਲਏ।

ਇਸ ਸਬੰਧੀ ਗੱਲਬਾਤ ਕਰਦਿਆਂ ਲੋਕਲ ਬੱਸ ਯੂਨੀਅਨ ਦੇ ਇੰਚਾਰਜ ਲੱਖਾ ਲਾਹੌਰੀਆ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਸ ਜਗ੍ਹਾ 'ਤੇ ਬੱਸ ਮਾਲਕ ਤੇ ਕਈ ਹੋਰ ਡਰਾਈਵਰ ਆਪਣੀਆਂ ਬੱਸਾਂ ਤੇ ਟਰੱਕ ਖੜੇ੍ਹ ਕਰਦੇ ਹਨ ਪਰ ਅੱਜ ਚੋਰਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸ਼ਨ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬਲਕਾਰ ਸਿੰਘ ਵਾਸੀ ਹਬੀਬਵਾਲ ਦੇ ਕੈਂਟਰ ਦੀਆਂ 2 ਬੈਟਰੀਆਂ, ਅਸ਼ਵਨੀ ਕੁਮਾਰ ਦੀਆਂ 2 ਉਂਕਾਰ ਬੱਸਾਂ ਦੇ ਬੈਟਰੇ, ਬਲਬੀਰ ਸਿੰਘ ਦੀ ਇਕ ਆਕਾਸ਼ਦੀਪ ਬੱਸ ਦਾ ਬੈਟਰਾ, ਪਰਮਜੀਤ ਸਿੰਘ, ਹਰਜੀਤ ਸਿੰਘ ਵਾਸੀ ਨਡਾਲਾ ਦੇ ਟਰੱਕ 'ਚੋਂ ਬੈਟਰਾ ਤੇ ਇਕ ਹੋਰ ਬੱਸ ਦਾ ਬੈਟਰਾ ਅਤੇ ਉਕਤ ਪੈਟਰੋਲ ਪੰਪ 'ਤੇ ਲੱਗੇ ਜਨਰੇਟਰ ਤੋਂ ਚੋਰਾਂ ਨੇ ਬੈਟਰੇ ਚੋਰੀ ਕੀਤੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਲਕੇ 'ਚ ਪੁਲਿਸ ਨਫਰੀ ਵਧਾਈ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ 'ਤੇ ਰੋਕ ਲਗਾਈ ਜਾ ਸਕੇ। ਇਸ ਸਬੰਧੀ ਪੈਟਰੋਲ ਪੰਪ ਮਾਲਕ ਗੁਰਪ੍ਰਰੀਤ ਸਿੰਘ ਵਾਲੀਆ ਨੇ ਦੱਸਿਆ ਕਿ ਬੀਤੀ ਰਾਤ ਮੀਂਹ -ਝੱਖੜ ਕਾਰਨ ਇਲਾਕੇ ਦੀ ਬਿਜਲੀ ਬੰਦ ਸੀ। ਚੋਰਾਂ ਨੇ ਹਨੇਰੇ ਦਾ ਫਾਇਦਾ ਚੁੱਕ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉੱਧਰ ਮੌਕੇ 'ਤੇ ਪੁੱਜੀ ਨਡਾਲਾ ਪੁਲਿਸ ਸੀਸੀਟੀਵੀ ਕੈਮਰੇ ਚੈੱਕ ਕਰ ਕੇ ਤਫਤੀਸ਼ 'ਚ ਜੁੱਟ ਗਈ ਹੈ।