ਰੌਸ਼ਨ ਖੈੜਾ, ਕਪੂਰਥਲਾ : ਬਾਬੇ ਨਾਨਕ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਆਪਣੇ ਬਿਆਨਾਂ ਨਾਲ ਜਿਥੇ ਪੱਬਾਂ ਭਾਰ ਲੱਗ ਰਹੀ ਹੈ, ਉੱਥੇ ਹੀ ਗੁਰੂ ਜੀ ਚਰਨ ਛੋਹ ਪਵਿੱਤਰ ਕਾਲੀ ਵੇਈਂ ਜਿੱਥੋਂ ਗੁਰੂ ਜੀ ਨੇ ਰੂਹਾਨੀ ਟੁੱਭੀ ਮਾਰ ਕੇ ਜਪੁਜੀ ਸਾਹਿਬ ਦੀ ਰਚਨਾ ਕੀਤੀ ਸੀ, ਉਹ ਪਵਿੱਤਰ ਕਾਲੀ ਵੇਈਂ 15 ਸਾਲ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਪਵਿੱਤਰ ਵੇਈਂ ਐਲਾਨੇ ਜਾਣ ਦੇ ਬਾਵਜੂਦ ਵੀ ਕਪੂਰਥਲਾ ਸ਼ਹਿਰ ਦਾ ਗੰਦਾ ਨਿਕਾਸੀ ਪਾਣੀ ਲਗਾਤਾਰ ਪੈਣ ਨਾਲ ਗੰਦਾ ਨਾਲਾ ਹੀ ਬਣਿਆ ਹੋਇਆ ਹੈ।


'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿੁ ਮਹਤੁ ਦੇ ਸ਼ਬਦ ਨੇ ਫੈਲਾਈ ਜਾਗਰੂਕਤਾ

ਪਵਿੱਤਰ ਵੇਈਂ ਨੂੰ ਸ਼ਹਿਰ ਦੇ ਕੂੜੇ ਦਾ ਡੰਪ ਬਣਾ ਲੈਣ ਅਤੇ ਪਿੰਡਾ ਸ਼ਹਿਰਾਂ ਦੇ ਗੰਦੇ ਨਿਕਾਸੀ ਪਾਣੀ ਨੇ ਇਸ ਕਦਰ ਗੰਦਾ ਅਤੇ ਪ੍ਰਦੂਸ਼ਿਤ ਕਰ ਦਿੱਤਾ ਸੀ ਵੇਈਂ ਦੀ ਹੋਂਦ ਹੀ ਖ਼ਤਰੇ ਵਿਚ ਪੈ ਗਈ ਸੀ। ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਗੁਰੂ ਨਾਨਕ ਦੇਵ ਜੀ ਦੇ ਮਹਾਵਾਕ 'ਤੇ ਪਹਿਰਾ ਦਿੰਦੇ ਹੋਏ 20 ਸਾਲ ਪਹਿਲਾ ਵੇਈਂ ਦੀ ਹੋਂਦ ਨੂੰ ਬਚਾਉਣ ਲਈ ਸੰਗਤ ਤੋਂ ਸਾਥ ਮੰਗਿਆ ਅਤੇ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਲੈ ਕੇ ਗੁਰਦੁਆਰਾ ਸੰਤ ਘਾਟ ਤਕ ਵੇਈਂ ਦੇ ਦੋਵੇਂ ਪਾਸੇ ਘਾਟ ਉਸਾਰ ਕੇ ਦਰੱਖ਼ਤਾਂ ਨਾਲ ਸ਼ਹਿਰ ਦੀ ਹਵਾ ਹੀ ਬਦਲ ਕੇ ਰੱਖ ਦਿੱਤੀ ਹੈ। ਇਸ ਮਹਾਨ ਕਾਰਜ ਬਦਲੇ ਸੰਤ ਸੀਚੇਵਾਲ ਨੂੰ ਤਤਕਾਲੀ ਰਾਸ਼ਟਰਪਤੀ ਡਾ. ਅਬਦੁਲ ਕਲਾਮ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਾਬਕਾ ਜੱਥੇਦਾਰ ਵੇਦਾਂਤੀ ਵੱਲੋਂ ਸਨਮਾਨਿਤ ਕੀਤਾ ਗਿਆ।

ਕਪੂਰਥਲਾ ਟਰੀਟਮੈਂਟ ਪਲਾਂਟ ਨੂੰ ਟਰੀਟਮੈਂਟ ਦੀ ਲੋੜ

ਕਪੂਰਥਲਾ ਸ਼ਹਿਰ ਅਤੇ ਆਰਸੀਐੱਫ ਦੇ ਮੁਲਾਜ਼ਮਾਂ ਵੱਲੋਂ ਪਿੰਡ ਭੁਲਾਣਾ ਵਿਚ ਵਸਾਈਆਂ ਕਲੋਨੀਆਂ ਦੇ ਗੰਦੇ ਪਾਣੀ ਦਾ ਨਿਕਾਸ ਲਗਾਤਾਰ ਵੇਈਂ ਵਿਚ ਪੈ ਰਿਹਾ ਹੈ। ਭਾਵੇਂਕਿ ਸਰਕਾਰ ਵੱਲੋਂ ਕਪੂਰਥਲਾ ਦੇ ਗੰਦੇ ਨਿਕਾਸੀ ਨੂੰ ਵੇਈਂ ਵਿਚ ਪੈਣੋਂ ਰੋਕਣ ਲਈ ਵੱਡਾ ਟਰੀਟਮੈਂਟ ਲਗਾਇਆ ਸੀ ਪਰ ਪੰਜ ਸਾਲਾਂ ਤੋਂ ਟਰੀਟਮੈਂਟ ਪਲਾਂਟ ਹੀ ਆਪਣਾ ਟਰੀਟਮੈਂਟ ਉਡੀਕਦਾ ਵੇਈਂ ਵਿਚ ਗੰਦਾ ਨਿਕਾਸੀ ਪਾਣੀ ਪੈਣ ਤੋਂ ਰੋਕਣ ਲਈ ਅਸਮੱਰਥ ਹੈ। ਸਰਕਾਰ ਅਤੇ ਪ੍ਰਸ਼ਾਸਨ ਦਾ ਕੰਮ ਸਰਕਾਰੀ ਫਾਈਲਾਂ ਵਿਚ ਹੀ ਚੱਲ ਰਿਹਾ ਹੈ ਜਾਂ ਫਾਈਲਾਂ ਦੀ ਗਰਦ ਹੇਠ ਦਫ਼ਨ ਹੋ ਕੇ ਰਹਿ ਗਿਆ ਹੈ।

ਕੀ ਕਹਿੰਦੇ ਹਨ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ

ਸੰਤ ਸੀਚੇਵਾਲ ਪ੍ਰਸ਼ਾਸਨ ਅਤੇ ਸਰਕਾਰ ਦੀ ਪਵਿੱਤਰ ਕਾਲੀ ਵੇਈਂ ਬਾਰੇ ਅਪਨਾਈ ਜਾ ਰਹੀ ਬੇਰੁਖ਼ੀ ਤੋਂ ਬਹੁਤ ਉਦਾਸ ਹਨ। ਉਨ੍ਹਾਂ ਕਿਹਾ ਕਿ ਬਤੌਰ ਵਾਤਾਵਰਣ ਕਮੇਟੀ ਮੈਂਬਰ ਵਜੋਂ ਉਨ੍ਹਾਂ ਨੇ ਅਨੇਕਾਂ ਵਾਰ ਮੁੱਦਾ ਉਠਾਇਆ ਹੈ ਪਰ ਕੋਈ ਉਸਾਰੂ ਹਰਕਤ ਨਹੀਂ ਦਿਖਾਈ ਦੇ ਰਹੀ।

ਨੈਸ਼ਨਲ ਗ੍ਰੀਨ ਟਿ੍ਬਿਊਨਲ ਵੱਲੋਂ ਨਦੀਆਂ ਅਤੇ ਦਰਿਆਵਾਂ ਦੇ ਪ੍ਰਦੂਸ਼ਣ ਨੂੰ ਗੰਭੀਰਤਾ ਨਾਲ ਲੈਂਦੇ ਹੋਏ 50 ਲੱਖ ਦਾ ਸਰਕਾਰ ਨੂੰ ਜੁਰਮਾਨਾ ਵੀ ਕੀਤਾ ਸੀ ਪਰ ਪਵਿੱਤਰ ਕਾਲੀ ਵੇਈਂ ਵਿਚ ਗੰਦਾ ਨਿਕਾਸੀ ਪਾਣੀ ਰੋਕਣ ਦਾ ਕਾਰਜ ਸਰਕਾਰ ਦੀਆਂ ਮੀਟਿੰਗਾਂ ਵਿਚ ਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬੇ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕਰੋੜਾਂ ਰੁਪਏ ਖ਼ਰਚਣ ਦਾ ਦਾਅਵਾ ਤਾਂ ਕਰ ਰਹੇ ਹਨ ਪਰ ਪਵਿੱਤਰ ਕਾਲੀ ਵੇਈਂ ਦਾ ਏਜੰਡਾ ਹੀ ਗਾਇਬ ਹੋ ਗਿਆ ਲਗਦਾ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਨਗਰ ਕੀਰਤਨ ਵੀ ਸੁਲਤਾਨਪੁਰ ਲੋਧੀ ਨੂੰ ਆ ਰਹੇ ਹਨ ਪਰ ਸੰਗਤਾਂ ਵੱਲੋਂ ਪਵਿੱਤਰ ਕਾਲੀ ਵੇਈਂ ਨੂੰ ਸਾਫ਼ ਕਰਨ ਦੀ ਮੰਗ ਨਹੀਂ ਉਠਾਈ ਜਾ ਰਹੀ।