ਜੇਐੱਨਐੱਨ, ਕਪੂਰਥਲਾ : ਜ਼ਿਲ੍ਹੇ 'ਚ ਡੇਂਗੂ ਦਾ ਡੰਗ ਦਿਨੋ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਐਤਵਾਰ ਨੂੰ 54 ਡੇਂਗੂ ਲਈ ਲਏ ਗਏ ਸੈਂਪਲਾਂ 'ਚੋਂ 32 ਪਾਜ਼ੇਟਿਵ ਪਾਏ ਗਏ, ਜਿਨ੍ਹਾਂ 'ਚ ਕਪੂਰਥਲਾ 'ਚ 13 ਤੇ ਭੁਲੱਥ 'ਚ 18 ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਸਿਵਲ ਹਸਪਤਾਲ 'ਚ ਡੇਂਗੂ ਮਰੀਜ਼ਾਂ ਲਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਮਰੀਜ਼ਾਂ ਨੂੰ ਘਰਾਂ ਤੇ ਬਾਹਰ ਦੇ ਨਿੱਜੀ ਹਸਪਤਾਲਾਂ 'ਚ ਰੈਫਰ ਕੀਤਾ ਜਾ ਰਿਹਾ ਹੈ। ਸਿਵਲ ਹਸਪਤਾਲ 'ਚ ਪਲੇਟਲੈੱਟਸ ਮਸ਼ੀਨਾਂ ਤਾਂ ਦੋ ਹਨ ਪਰ ਇਕ ਮਸ਼ੀਨ ਖ਼ਰਾਬ ਪਈ ਹੋਈ ਹੈ, ਜਿਸ ਨਾਲ ਡਾਕਟਰ ਡੇਂਗੂ ਪਾਜ਼ੇਟਿਵ ਮਰੀਜ਼ਾਂ ਦਾ ਰਿਸਕ ਨਹੀਂ ਲੈ ਰਹੇ। ਜੋ ਮਸ਼ੀਨ ਠੀਕ ਹੈ, ਜੋ ਲਗਪਗ 50 ਹਜ਼ਾਰ ਸੈੱਲ ਬਣਾਉਂਦੀ ਹੈ, ਉਸ ਨੂੰ ਵੀ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ। ਸਿਵਲ ਹਸਪਤਾਲ ਦੇ ਡਾਕਟਰ ਡੇਂਗੂ ਮਰੀਜ਼ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਉਸ ਨੂੰ ਰੈਫਰ ਕਰ ਰਹੇ ਹਨ। ਸਿਵਲ ਹਸਪਤਾਲ ਨੂੰ 550ਵੇਂ ਪ੍ਰਕਾਸ਼ ਪੁਰਬ 'ਤੇ ਵੈਂਟੀਲੇਟਰ ਮਸ਼ੀਨ ਉਪਲਬਧ ਕਰਵਾਈ ਗਈ ਸੀ ਤੇ ਆਈਸੋਲੇਸ਼ਨ ਵਾਰਡ ਵੀ ਬਣਾਇਆ ਗਿਆ ਸੀ ਪਰ ਡਾਕਟਰ ਨਾ ਹੋਣ ਕਾਰਨ ਕਰੋੜਾਂ ਰੁਪਏ ਲਗਾਉਣ ਮਗਰੋਂ ਵੀ ਸਿਵਲ ਹਸਪਤਾਲ 'ਚ ਵੈਂਟੀਲੇਟਰ ਮਸ਼ੀਨ ਨੂੰ ਵਾਪਸ ਚੰਡੀਗੜ੍ਹ ਮੰਗਵਾ ਲਿਆ ਗਿਆ ਤੇ ਆਈਸੋਲੇਸ਼ਨ ਵਾਰਡ ਕਰੋੜਾ ਰੁਪਏ ਲੱਗਣ ਮਗਰੋਂ ਵੀ ਖਾਲੀ ਪਿਆ ਹੋਇਆ ਨਜ਼ਰ ਆ ਰਿਹਾ ਹੈ। ਐਤਵਾਰ ਤਕ ਡੇਂਗੂ ਪੀੜਤਾਂ ਦੀ ਕੁੱਲ ਗਿਣਤੀ 484 ਤਕ ਪੁੱਜ ਗਈ ਹੈ। ਸਿਵਲ ਹਸਪਤਾਲ ਦੇ ਡੇਂਗੂ ਵਾਰਡ 'ਚ 12 ਬੈੱਡ ਹੋਣ ਦੇ ਬਾਅਦ ਵੀ ਕੋਈ ਮਰੀਜ਼ ਨਹੀਂ ਦਾਖ਼ਲ ਕੀਤਾ ਜਾ ਰਿਹਾ ਹੈ। ਸਾਰੇ ਮਰੀਜ਼ਾਂ ਨੂੰ ਘਰਾਂ 'ਚ ਰਹਿ ਕੇ ਹੀ ਇਲਾਜ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ, ਪਰ ਲੋਕ ਡੇਂਗੂ ਦੇ ਡਰ ਤੋਂ ਇੰਨਾਂ ਘਬਰਾਏ ਹੋਏ ਹਨ ਕਿ ਉਹ ਨਿੱਜੀ ਹਸਪਤਾਲਾਂ 'ਚ ਆਪਣਾ ਇਲਾਜ ਕਰਵਾ ਰਹੇ ਹਨ।

ਹਸਪਤਾਲ 'ਚ ਪਲੇਟਲੈੱਟਸ ਮਸ਼ੀਨ ਉਪਲਬਧ ਨਹੀਂ

ਸਿਵਲ ਹਸਪਤਾਲ 'ਚ ਪਲੇਟਲੈੱਟਸ ਸਟੋਰ ਕਰਨ ਲਈ ਮਸ਼ੀਨ ਉਪਲਬਧ ਨਹੀਂ ਹੈ। ਇਸ ਕਾਰਨ ਮਰੀਜ਼ ਇੱਥੇ ਇਲਾਜ ਕਰਵਾਉਣ ਦਾ ਜੋਖਮ ਨਹੀਂ ਲੈਂਦੇ। ਸਿਵਲ ਹਸਪਤਾਲ ਦੇ ਡਾਕਟਰ ਵੀ ਸਹੂਲਤ ਨਾ ਹੋਣ ਕਾਰਨ ਮਰੀਜ਼ਾਂ ਨੂੰ ਹੋਰਨਾਂ ਹਸਪਤਾਲਾਂ 'ਚ ਰੈਫਰ ਕਰ ਦਿੰਦੇ ਹਨ।

ਡੇਂਗੂ ਦੀ ਰੋਕਥਾਮ ਲਈ ਵਿਭਾਗ ਦਾ ਕਰੋ ਸਹਿਯੋਗ : ਐੱਸਐੱਮਓ

ਇਸ ਸਬੰਧੀ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸੰਦੀਪ ਧਵਨ ਦਾ ਕਹਿਣਾ ਹੈ ਕਿ ਡੇਂਗੂ ਦੀ ਰੋਕਥਾਮ ਲਈ ਜਾਗਰੂਕਤਾ ਵੈਨ ਚਲਾਈ ਗਈ ਹੈ। ਸਿਹਤ ਵਿਭਾਗ ਵੱਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਕਿ ਡੇਂਗੂ ਦੇ ਲਾਰਵਾ ਨੂੰ ਨਸ਼ਟ ਕਰਨ ਤੇ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕਰਨ ਦਾ ਕੰਮ ਕਰ ਰਹੀਆਂ ਹਨ। ਡੇਂਗੂ ਦੀ ਰੋਕਥਾਮ ਲਈ ਲੋਕ ਸਿਵਲ ਹਸਪਤਾਲ ਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਤੇ ਲੋੜ ਪੈਣ 'ਤੇ ਡਾਕਟਰ ਨਾਲ ਸੰਪਰਕ ਕਰਨ। ਜ਼ਿਆਦਾਤਰ ਡੇਂਗੂ ਦਾ ਲਾਰਵਾ ਸਾਫ ਪਾਣੀ 'ਚ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਰਾਤ ਸਮੇਂ ਮੱਛਰਦਾਨੀ ਦੀ ਵਰਤੋਂ ਕਰੋ ਤੇ ਪੂਰੀ ਬਾਂਹ ਦੇ ਕੱਪੜੇ ਪਹਿਣ ਕੇ ਰੱਖੋ। ਉਨ੍ਹਾਂ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਡੇਂਗੂ ਦੇ ਡਰ ਨਾਲ ਕਿਤੇ ਕੋਰੋਨਾ ਨੂੰ ਨਾ ਭੁੱਲ ਜਾਣ। ਉਨ੍ਹਾਂ ਕਿਹਾ ਕਿ ਸਾਡੇ ਕੋਲ ਪਲੇਟਲੈੱਟਸ ਮਸ਼ੀਨ ਇਕ ਠੀਕ ਹੈ ਤੇ ਦੂਜੀ ਵੀ ਸੋਮਵਾਰ ਤਕ ਠੀਕ ਹੋ ਜਾਵੇਗੀ।