ਵਿਜੇ ਸੋਨੀ, ਫਗਵਾੜਾ : ਫਗਵਾੜਾ ਸ਼ੂਗਰ ਮਿੱਲ ਵੱਲੋਂ ਕਿਸਾਨਾਂ ਦੇ 72 ਕਰੋੜ ਰੁਪਏ ਅਦਾ ਨਾ ਕਰਨ ਦੇ ਰੋਸ ਵਜੋਂ ਲਗਾਇਆ ਗਿਆ ਕਿਸਾਨਾਂ ਦਾ ਧਰਨਾ ਐਤਵਾਰ ਨੂੰ ਸੱਤਵੇਂ ਦਿਨ ਵਿਚ ਦਾਖ਼ਲ ਹੋ ਗਿਆ। ਕਿਸਾਨ ਆਗੂਆਂ ਨੇ ਬਲਾਕ ਮੀਟਿੰਗਾਂ ਸਰਕਲ ਮੀਟਿੰਗਾਂ ਅਤੇ ਪੱਤਰਕਾਰਾਂ ਨਾਲ ਪ੍ਰੈੱਸ ਕਾਨਫਰੰਸ ਕਰਕੇ 25 ਅਗਸਤ ਦੀ ਵਿਉਂਤਬੰਦੀ ਸਬੰਧੀ ਚਾਨਣਾ ਪਾਇਆ।

ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ 25 ਅਗਸਤ ਨੂੰ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਸੂਬਾ ਪੱਧਰੀ ਧਰਨੇ ਦਾ ਐਲਾਨ ਕੀਤਾ ਗਿਆ ਹੈ ਜੋ ਕਿ ਕੌਮੀ ਰਾਜ ਮਾਰਗ ਉੱਪਰ ਲਗਾਇਆ ਜਾਵੇਗਾ। ਸ਼ਹਿਰ ਵਾਸੀਆਂ ਨੂੰ ਅਤੇ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਸ ਲਈ ਕੌਮੀ ਰਾਜ ਮਾਰਗ ਦੀਆਂ ਦੋਵੇਂ ਸਾਈਡਾਂ ਖੋਲ੍ਹੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਸਾਡੇ ਭਰਾ ਹਨ ਅਤੇ ਫਗਵਾੜਾ ਵਾਸੀਆਂ ਨੇ ਹਮੇਸ਼ਾ ਸਾਡੇ ਹਰ ਦੁੱਖ ਸੁੱਖ ਵਿੱਚ ਸਾਥ ਦਿੱਤਾ ਹੈ। ਸਾਨੂੰ ਕੋਈ ਧਰਨੇ ਲਗਾਉਣ ਦਾ ਸ਼ੌਕ ਨਹੀਂ, ਮਿੱਲ ਮਾਲਕਾਂ ਨੇ ਧੱਕੇ ਨਾਲ ਸਾਡੀ ਮਿਹਨਤ ਦੀ ਕਮਾਈ ਦੱਬੀ ਹੋਈ ਹੈ ਅਤੇ ਗੰਨੇ ਦੀ ਬਕਾਇਆ ਅਦਾਇਗੀ ਨਾ ਕਰਕੇ ਮਾਲਕ ਆਪ ਵਿਦੇਸ਼ ਭੱਜ ਗਿਆ ਹੈ ਤੇ ਜਦੋਂ ਤਕ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਦੀਆਂ ਅੱਖਾਂ ਨਾ ਖੋਲ੍ਹੀਆਂ ਗਈਆਂ ਤੇ ਸਾਨੂੰ ਗੰਨੇ ਦੀ ਬਕਾਇਆ ਰਾਸ਼ੀ ਕਿਸ ਤਰ੍ਹਾਂ ਮਿਲੇਗੀ।

ਉਨ੍ਹਾਂ ਫਗਵਾੜਾ ਸ਼ਹਿਰ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਫਗਵਾੜਾ ਦੇ ਸਾਰੇ ਹੀ ਭੈਣ ਭਰਾਵਾਂ ਨੇ ਹਮੇਸ਼ਾ ਕਿਸਾਨਾਂ ਦਾ ਸਾਥ ਦਿੱਤਾ ਹੈ ਤੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਉਹ ਹਮੇਸ਼ਾ ਫਗਵਾੜਾ ਵਾਸੀਆਂ ਦੇ ਧੰਨਵਾਦੀ ਰਹਿਣਗੇ। 17 ਅਗਸਤ ਨੂੰ ਪੂਰੇ ਪੰਜਾਬ ਤੋਂ ਲਖੀਮਪੁਰ ਖੀਰੀ ਲਈ 10,000 ਹਜ਼ਾਰ ਕਿਸਾਨਾਂ ਦਾ ਕਾਫ਼ਲਾ ਰਵਾਨਾ ਹੋ ਰਿਹਾ ਹੈ ਜਿੱਥੇ ਮੀਟਿੰਗ ਕਰਕੇ ਲਖੀਮਪੁਰ ਖੀਰੀ ਵਿਖੇ ਹੋਏ ਹੱਤਿਆ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸੰਘਰਸ਼ ਉਲੀਕਿਆ ਜਾਵੇਗਾ।

ਇਸ ਧਰਨੇ ਵਿਚ ਫਗਵਾੜਾ ਤੋਂ ਵੀ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਲ ਹੋਣਗੇ ਪਰ ਫਗਵਾੜੇ ਵਾਲਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਕਿਸਾਨਾਂ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਕਰਵਾਈ ਜਾਵੇ ਤਾਂ ਜੋ ਉਹ ਆਪਣੇ ਘਰਾਂ ਨੂੰ ਜਾ ਸਕਣ।

ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਰਾਏ, ਕਿਰਪਾਲ ਸਿੰਘ ਮੂਸਾਪੁਰ, ਕੁਲਵਿੰਦਰ ਸਿੰਘ ਅਠੌਲੀ, ਗੁਰਪਾਲ ਸਿੰਘ ਪਾਲਾ, ਦਵਿੰਦਰ ਸਿੰਘ, ਮੇਜਰ ਸਿੰਘ ਅਠੌਲੀ, ਹਰਮੇਲ ਸਿੰਘ ਜੱਸੋ ਮਜਾਰਾ, ਬਲਜੀਤ ਸਿੰਘ ਹਰਦਾਸਪੁਰ, ਮਨਜੀਤ ਸਿੰਘ ਲੱਲੀ ਆਦਿ ਹਾਜ਼ਰ ਸਨ।

ਪੂੜਿਆਂ ਤੇ ਖੀਰ ਦਾ ਲਗਾਇਆ ਲੰਗਰ

ਸਾਉਣ ਦੇ ਮਹੀਨੇ ਵਿਚ ਕਿਸਾਨ ਆਗੂਆਂ ਵੱਲੋਂ ਕਿਸਾਨੀ ਧਰਨੇ ਵਿਚ ਮਾਲ ਪੂੜੇ ਅਤੇ ਖੀਰ ਦਾ ਲੰਗਰ ਵੀ ਲਗਾਇਆ ਗਿਆ ਜਿੱਥੇ ਸੈਂਕੜੇ ਸੰਗਤਾਂ ਨੇ ਆ ਕੇ ਮਾਲ ਪੂੜਿਆਂ ਦਾ ਲੰਗਰ ਛਕਿਆ।