ਅਮਰ ਪਾਸੀ, ਫਗਵਾੜਾ

ਫਗਵਾੜਾ ਦੇ ਪਾਸ਼ ਇਲਾਕੇ ਹਰਗੋਬਿੰਦ ਨਗਰ ਵਿਖੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਭਾਜਪਾ ਪਾਰਟੀ ਦੇ ਕੁਝ ਆਗੂ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੀ ਮੂਰਤੀ ਨੂੰ ਫੁੱਲ ਮਾਲਾਵਾਂ ਅਰਪਿਤ ਕਰਨ ਲਈ ਪਹੁੰਚੇ ਪਰ ਇਸ ਤੋਂ ਪਹਿਲਾਂ ਉਥੇ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਆਗੂ ਪਹੁੰਚ ਗਏ ਅਤੇ ਭਾਜਪਾ ਖਿਲਾਫ਼ ਨਾਅਰੇਬਾਜ਼ੀ ਕਰਨ ਲੱਗ ਪਏ। ਮੌਕੇ ਦੇ ਐੱਸਪੀ ਮਨਵਿੰਦਰ ਸਿੰਘ ਨੇ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਮਾਹੌਲ ਨੂੰ ਮੁਸ਼ਕਲ ਨਾਲ ਸ਼ਾਂਤ ਕਰਵਾਇਆ। ਇਸ ਤੋਂ ਪਹਿਲਾਂ ਦੁਪਹਿਰ ਵੇਲੇ ਭਾਜਪਾ ਆਗੂਆਂ ਨੇ ਸਥਾਨਕ ਰੈਸਟ ਹਾਊਸ ਵਿਖੇ ਇਕੱਠੇ ਹੋ ਕੇ ਡਾ. ਬੀਆਰ ਅੰਬੇਡਕਰ ਦੀ ਮੂਰਤੀ 'ਤੇ ਫੁੱਲ ਮਾਲਾਵਾਂ ਅਰਪਿਤ ਕਰਨ ਦਾ ਪ੍ਰਰੋਗਰਾਮ ਉਲੀਕਿਆ ਸੀ। ਇਸ ਗੱਲ ਦੀ ਸੂਚਨਾ ਜਿਵੇਂ ਹੀ ਪ੍ਰਸ਼ਾਸਨ ਨੂੰ ਮਿਲੀ ਤਾਂ ਮੌਕੇ 'ਤੇ ਐੱਸਪੀ ਮਨਵਿੰਦਰ ਸਿੰਘ, ਡੀਐੱਸਪੀ ਪਰਮਜੀਤ ਸਿੰਘ ਤੇ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਰੈਸਟ ਹਾਊਸ ਵਿਖੇ ਪਹੁੰਚੇ ਤਾਂ ਜਿਵੇਂ ਹੀ ਭਾਜਪਾ ਆਗੂ ਹਰਗੋਬਿੰਦ ਨਗਰ ਵਿਖੇ ਜਾਣ ਲੱਗੇ ਤਾਂ ਭਾਜਪਾ ਆਗੂਆਂ ਨੂੰ ਰਸਤੇ ਵਿਚ ਹੀ ਪੁਲਿਸ ਵੱਲੋਂ ਰੋਕ ਲਿਆ ਗਿਆ। ਪੁਲਿਸ ਪ੍ਰਸਾਸ਼ਨ ਦਾ ਕਹਿਣਾ ਸੀ ਕਿ ਭਾਜਪਾ ਆਗੂਆਂ ਨੂੰ ਹਰਗੋਬਿੰਦ ਨਗਰ ਵਿਖੇ ਡਾ. ਅੰਬੇਡਕਰ ਦੀ ਮੂਰਤੀ ਉੱਪਰ ਫੁੱਲ ਮਾਲਾਵਾਂ ਨਹੀਂ ਪਾਉਣ ਦਿੱਤੀਆਂ ਜਾਣਗੀਆਂ। ਇਸ ਗੱਲ ਦੀ ਵਿਰੋਧਤਾ ਭਾਜਪਾ ਆਗੂਆਂ ਨੇ ਕੀਤੀ ਪਰ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਦੀ ਇਕ ਨਾ ਸੁਣੀ ਤੇ ਮੌਕੇ 'ਤੇ ਇਕੱਠੇ ਹੋਏ ਭਾਜਪਾ ਆਗੂਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ।

ਦੇਰ ਸ਼ਾਮ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਥਾਣਾ ਸਦਰ ਵਿਖੇ ਪਹੁੰਚੇ ਤੇ ਗਿ੍ਫ਼ਤਾਰ ਕੀਤੇ ਗਏ ਭਾਜਪਾ ਆਗੂਆਂ ਨਾਲ ਮੁਲਾਕਾਤ ਕੀਤੀ। ਪੁਲਿਸ ਦੇ ਆਲਾ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਭਾਜਪਾ ਆਗੂ ਹਰਗੋਬਿੰਦ ਨਗਰ ਵਿਖੇ ਸਥਿਤ ਡਾ. ਅੰਬੇਡਕਰ ਦੀ ਮੂਰਤੀ ਉੱਪਰ ਫੁੱਲ ਮਾਲਾਵਾਂ ਅਰਪਿਤ ਕਰ ਸਕਦੇ ਹਨ ਪਰ ਇਸ ਗੱਲ ਦੀ ਸੂਚਨਾ ਜਿਵੇਂ ਹੀ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਆਗੂ ਹਰਭਜਨ ਸੁਮਨ ਤੇ ਉਨ੍ਹਾਂ ਦੇ ਵਰਕਰਾਂ ਨੂੰ ਮਿਲੀ ਤਾਂ ਉਨ੍ਹਾਂ ਹਰਗੋਬਿੰਦ ਨਗਰ ਵਿਖੇ ਪਹੁੰਚ ਕੇ ਭਾਜਪਾ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਭਾਜਪਾ ਆਗੂਆਂ ਵੱਲੋਂ ਡਾ. ਅੰਬੇਡਕਰ ਦੀ ਮੂਰਤੀ ਉਪਰ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਗਈਆਂ ਜੋ ਕਿ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਆਗੂਆਂ ਵੱਲੋਂ ਵਾਪਸ ਉਤਾਰ ਦਿੱਤੀਆਂ ਗਈਆਂ। ਮਾਹੌਲ ਉਸ ਵੇਲੇ ਬੇਹੱਦ ਤਣਾਅ ਪੂਰਨ ਹੋ ਗਿਆ ਜਦੋਂ ਦੋਵੇਂ ਹੀ ਪਾਰਟੀਆਂ ਦੇ ਆਗੂ ਆਹਮੋ-ਸਾਹਮਣੇ ਹੋ ਗਏ ਤੇ ਨਾਅਰੇਬਾਜ਼ੀ ਕਰਨ ਲੱਗ ਪਏ। ਐੱਸਪੀ ਮਨਵਿੰਦਰ ਸਿੰਘ ਨੇ ਬੜੀ ਮੁਸ਼ਕਿਲ ਨਾਲ ਦੋਵਾਂ ਪਾਰਟੀਆਂ ਦੇ ਆਗੂਆਂ ਨੂੰ ਸ਼ਾਂਤ ਕੀਤਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਕੇਸ਼ ਦੁੱਗਲ, ਮੰਡਲ ਪ੍ਰਧਾਨ ਪਰਮਜੀਤ ਪੰਮਾ, ਵਾਈਸ ਪ੍ਰਧਾਨ ਬਲਵਿੰਦਰ ਠਾਕੁਰ, ਨਿਤਿਨ ਚੱਢਾ ਤੇ ਵੱਡੀ ਗਿਣਤੀ 'ਚ ਭਾਜਪਾ ਵਰਕਰ ਹਾਜ਼ਰ ਸਨ।