ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਝਗੜੇ ਦੇ ਮਾਮਲੇ 'ਚ 5 ਅੌਰਤਾਂ ਸਮੇਤ 11 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਗਏ ਆਪਣੇ ਬਿਆਨਾਂ 'ਚ ਗੁਲਸ਼ਨ ਕੌਰ ਪਤਨੀ ਜਸਬੀਰ ਸਿੰਘ ਵਾਸੀ ਡਡਵਿੰਡੀ ਨੇ ਦੱਸਿਆ ਕਿ ਉਸ ਦੇ ਦਾਦੇ ਸਹੁਰੇ ਦਲੀਪ ਸਿੰਘ ਦੇ ਨਾਂ 'ਤੇ 15 ਕਿੱਲੇ ਪੁਸ਼ਤੈਨੀ ਜ਼ਮੀਨ ਸੀ, ਉਸ ਤੋਂ ਬਾਅਦ ਉਸ ਦੇ ਸਹੁਰੇ ਸੁੱਚਾ ਸਿੰਘ ਅਤੇ ਚਾਚੇ ਸਹੁਰੇ ਸੰਤੋਖ ਸਿੰਘ, ਸੋਹਣ ਸਿੰਘ ਅਤੇ ਮੋਹਣ ਸਿੰਘ ਨੇ 17 ਕਿੱਲੇ ਸਾਂਝੀ ਜ਼ਮੀਨ ਖਰੀਦੀ ਅਤੇ ਕੁੱਲ ਜ਼ਮੀਨ 31-32 ਕਿੱਲੇ ਪਿੰਡ ਕਮਾਲਪੁਰ ਅਤੇ ਡਡਵਿੰਡੀ ਵਿਚ ਹੈ। ਇਹ ਜ਼ਮੀਨ ਚਾਰਾਂ ਹਿੱਸਿਆਂ 'ਚ ਵੰਡ ਲਈ ਗਈ ਸੀ ਪਰ ਇਸ ਦੀ ਤਕਸੀਕ ਕਿਸੇ ਨੇ ਨਹੀਂ ਕਰਵਾਈ। ਉਸ ਨੇ ਕਿਹਾ ਕਿ ਉਨ੍ਹਾਂ 3 ਕਨਾਲ ਜ਼ਮੀਨ ਬਹਾਦਰ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਡਡਵਿੰਡੀ ਅਤੇ ਮਧੂ ਸ਼ਰਮਾ ਪਤਨੀ ਚੰਦਰ ਸ਼ਰਮਾ ਵਾਸੀ ਬਹੂਈ ਪਾਸੋਂ ਖਰੀਦੀ ਹੈ, ਜਿਸ ਵਿਚ ਉਨ੍ਹਾਂ ਇਕ ਗੁਦਾਮ ਬਣਾਇਆ ਹੈ ਅਤੇ ਕੁਝ ਹਿੱਸੇ 'ਚ ਸਬਜ਼ੀਆਂ ਦੀ ਕਾਸ਼ਤ ਕੀਤੀ ਗਈ ਹੈ। ਇਹ ਜਗ੍ਹਾ ਸਾਡੇ ਸਾਂਝੇ ਰਕਮੇ ਨਾਲ ਲੱਗਦੀ ਹੈ ਅਤੇ ਇਸ ਜਗ੍ਹਾ ਦਾ ਇਕ ਗੇਟ ਉਨ੍ਹਾਂ ਸਾਂਝੇ ਰਸਤੇ ਵੱਲ ਸਾਰਿਆਂ ਦੀ ਸਹਿਮਤੀ ਨਾਲ ਕੱਿਢਆ ਹੋਇਆ ਹੈ। ਗੇਟ ਲਾਉਣ ਤੋਂ ਬਾਅਦ ਚਾਚੇ ਸਹੁਰੇ ਸੰਤੋਖ ਸਿੰਘ ਅਤੇ ਸੋਹਣ ਸਿੰਘ ਨੇ ਉਸ ਵਿਰੁੱਧ ਅਦਾਲਤ 'ਚ ਕੇਸ ਦਾਇਰ ਕਰ ਦਿੱਤਾ ਅਤੇ ਖਾਲ੍ਹੀ ਜਗ੍ਹਾ 'ਤੇ ਲਾਈਆਂ ਗਈਆਂ ਸਬਜ਼ੀਆਂ ਨੂੰ ਪਸ਼ੂਆਂ ਦੇ ਉਜਾੜੇ ਤੋਂ ਬਚਾਉਣ ਲਈ 25 ਨਵੰਬਰ 2022 ਨੂੰ ਉਸ ਦਾ ਸਹੁਰਾ ਸੁੱਚਾ ਸਿੰਘ, ਉਸ ਦਾ ਪਤੀ ਜਸਵੀਰ ਸਿੰਘ, ਉਸਦੀ ਸੱਸ ਮਨਜੀਤ ਕੌਰ, ਉਸ ਦਾ ਲੜਕਾ ਅਮੋਲਦੀਪ ਸਿੰਘ ਅਤੇ ਅਨੁਰਾਜਬੀਰ ਸਿੰਘ ਟਰੈਕਟਰ ਨਾਲ ਮਿੱਟੀ ਪਾ ਰਹੇ ਸੀ ਤਾਂ ਕਰੀਬ 12 ਵਜੇ ਉਨ੍ਹਾਂ ਦੇ ਘਰ ਦੇ ਬਾਹਰ ਰੌਲਾ ਪੈ ਗਿਆ। ਜਦੋਂ ਉਸ ਨੇ ਘਰ ਦੇ ਬਾਹਰ ਆ ਕੇ ਦੇਖਿਆ ਤਾਂ ਉਸਦਾ ਚਾਚਾ ਸਹੁਰਾ ਸੰਤੋਖ ਸਿੰਘ, ਸੋਹਣ ਸਿੰਘ, ਮੋਹਣ ਸਿੰਘ, ਹਰਦੀਪ ਸਿੰਘ ਪੁੱਤਰ ਸੰਤੋਖ ਸਿੰਘ, ਅਮਨਦੀਪ ਕੌਰ ਪਤਨੀ ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ, ਪਵਨਦੀਪ ਕੌਰ ਪਤਨੀ ਹਰਦੀਪ ਸਿੰਘ, ਸਤਵਿੰਦਰ ਕੌਰ ਪਤਨੀ ਮੋਹਣ ਸਿੰਘ, ਨਵਦੀਪ ਕੌਰ ਪੁੱਤਰੀ ਮੋਹਣ ਸਿੰਘ, ਬਲਜੀਤ ਕੌਰ ਪਤਨੀ ਸੋਹਣ ਸਿੰਘ ਵਾਸੀ ਡਡਵਿੰਡੀ ਉਸ ਦੇ ਪਤੀ ਜਸਵੀਰ ਸਿੰਘ ਅਤੇ ਸਹੁਰੇ ਸੁੱਚਾ ਸਿੰਘ ਨਾਲ ਗਾਲੀ ਗਲੋਚ ਕਰ ਰਹੇ ਸਨ ਤੇ ਮਿੱਟੀ ਪਾਉਣ ਤੋਂ ਰੋਕ ਰਹੇ ਸਨ। ਸੋਹਣ ਸਿੰਘ ਨੇ ਹਰਜਿੰਦਰ ਸਿੰਘ ਉਰਫ ਲਾਡੀ ਪੁੱਤਰ ਨਿਰੰਜਣ ਸਿੰਘ ਵਾਸੀ ਡਡਵਿੰਡੀ ਨੂੰ ਫੋਨ ਕਰਕੇ ਬੁਲਾ ਲਿਆ ਅਤੇ ਹਰਜਿੰਦਰ ਸਿੰਘ ਲਾਡੀ ਵੀ 6-7 ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਆ ਗਿਆ। ਉਕਤ ਸਾਰਿਆਂ ਨੇ ਉਸ ਦੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।