ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸੀ ਟੀ ਗਰੁੱਪ ਆਫ ਇੰਸਟੀਚਿਊਸ਼ਨ ਸ਼ਾਹਪੁਰ ਕੈਂਪਸ ਵਿਚ ਪੱਤਰਕਾਰਿਤਾ ਤੇ ਜਨਸੰਚਾਰ ਵਿਭਾਗ ਵੱਲੋਂ ਮੋਟੀਵੇਸ਼ਨਲ ਸੈਸ਼ਨ ਕਰਵਾਇਆ ਗਿਆ ਜਿਸ ਵਿਚ ਪ੍ਰਸਿੱਧ ਪੱਤਰਕਾਰ ਤੇ ਐੱਮਐੱਲਏ ਕੰਵਰਸੰਧੂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।

ਇਸ ਦੌਰਾਨ ਸੀ ਟੀ ਗਰੁੱਪ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਡੀਨ ਅਕਾਦਮਿਕ ਡਾ. ਅਨੁਪਮਦੀਪ ਸ਼ਰਮਾ ਅਤੇ ਜਨਸੰਚਾਰ ਤੇ ਪੱਤਰਕਾਰਿਤਾ ਵਿਭਾਗ ਦੇ ਸੀਓਡੀ ਵਿਸ਼ਾਲ ਕੁਮਾਰ ਮੌਜੂਦ ਸਨ। ਸੈਮੀਨਾਰ ਦੀ ਸ਼ੁਰੂਆਤ ਕਰਦੇ ਹੋਏ ਐੱਮਐੱਲਏ ਕੰਵਰ ਸੰਧੂ ਨੇ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦੀ ਧੜਕਣ ਹੈ, ਜਦ ਇਹ ਧੜਕਣਾ ਸ਼ੁਰੂ ਕਰੇਗਾ, ਪ੍ਰਸ਼ਨ ਪੁੱਛੇਗਾ, ਉਦੋਂ ਸਾਡਾ ਦੇਸ਼ ਸਾਹ ਲਵੇਗਾ। ਪਰ ਅੱਜ ਦੇ ਸਮੇਂ ਵਿਚ ਸਾਡਾ ਭਵਿੱਖ ਜਿਨ੍ਹਾਂ ਦੇ ਹੱਥਾਂ ਵਿਚ ਹੈ, ਉਹ ਆਪ ਕਿਸੇ ਹੋਰ ਦੇ ਸਹਾਰੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਨੌਜਵਾਨਾਂ, ਸਮਾਜ, ਪੱਤਰਕਾਰੀ ਤੇ ਰਾਜਨੀਤੀ ਵਿਚ ਬਹੁਤ ਕਮਜ਼ੋਰੀਆਂ ਹਨ ਪਰ ਉਨ੍ਹਾਂ ਨੂੰ ਠੀਕ ਕਰਨ ਲਈ ਕੋਈ ਖੜ੍ਹਾ ਨਹੀਂ ਹੁੰਦਾ। ਸੁਧਾਰ ਲਈ ਸਾਨੂੰ ਆਪ ਨੂੰ ਲੜਨਾ ਤੇ ਅੱਗੇ ਆ ਕੇ ਬੋਲਣਾ ਪਵੇਗਾ।

ਉਨ੍ਹਾਂ ਕਿਹਾ ਕਿ ਜੇਕਰ ਵੇਖਿਆ ਜਾਵੇ ਤਾਂ ਸਰਕਾਰੀ ਨੌਕਰੀ ਲਈ ਅਸੀਂ 18 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਅਪਲਾਈ ਕਰ ਸਕਦੇ ਹਾਂ ਤੇ 60 ਜਾਂ 62 ਸਾਲ ਦੀ ਉਮਰ 'ਚ ਸੇਵਾਮੁਕਤ ਹੋ ਜਾਂਦੇ ਹਾਂ ਪਰ ਰਾਜਨੀਤੀ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦਾ ਕਰੀਅਰ ਹੀ 60 ਜਾਂ 65 ਸਾਲ ਤੋਂ ਬਾਅਦ ਸ਼ੁਰੂ ਹੋਇਆ ਹੈ। ਉਨ੍ਹਾਂ ਨੇ ਪੁੱਿਛਆ ਕਿ ਜੇਕਰ ਨੌਜਵਾਨ 18 ਸਾਲ ਦੀ ਉਮਰ ਵਿਚ ਵੋਟ ਪਾ ਸਕਦਾ ਹੈ ਤਾਂ ਚੋਣ ਲਈ ਕਿਉਂ ਖੜ੍ਹਾ ਨਹੀਂ ਹੋ ਸਕਦਾ?

ਸੰਧੂ ਨੇ ਕਿਹਾ ਕਿ ਮੀਡੀਆ ਦਾ ਕਿਸੇ ਵੀ ਦੇਸ਼ ਦੀ ਤਰੱਕੀ ਵਿਚ ਬਹੁਤ ਵੱਡਾ ਹੱਥ ਹੈ। ਇਸੇ ਲਈ ਜਿਹੜੇ ਵਿਦਿਆਰਥੀ ਮੀਡੀਆ ਦੇ ਖੇਤਰ ਵਿਚ ਪੜ੍ਹਾਈ ਕਰ ਰਹੇ ਹਨ, ਉਨ੍ਹਾਂ ਨੂੰ ਰੋਜ਼ ਅਖ਼ਬਾਰ ਪੜ੍ਹਨੀ ਚਾਹੀਦੀ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਵਿਸ਼ਿਆਂ 'ਤੇ ਚਰਚਾ ਕਰਨੀ ਚਾਹੀਦੀ ਹੈ।

ਸੀ ਟੀ ਗਰੁੱਪ ਦੇ ਵਾਇਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਕੈਂਪਸ ਵਿਚ ਆਉਣ 'ਤੇ ਵਿਚਾਰ ਸਾਂਝੇ ਕਰਨ ਲਈ ਐੱਮਐੱਲਏ ਕੰਵਰ ਸੰਧੂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸਮਾਜ ਨੂੰ ਬਦਲਣ ਲਈ ਨੌਜਵਾਨਾਂ ਨੂੰ ਸਿੱਖਿਅਤ ਤੇ ਜਾਗਰੂਕ ਹੋਣ ਦੀ ਲੋੜ ਹੈ ਤਾਂ ਹੀ ਦੇਸ਼ ਤਰੱਕੀ ਕਰ ਸਕਦਾ ਹੈ।