ਜੇਐੱਨਐੱਨ, ਜਲੰਧਰ : ਯੂਥ ਕਾਂਗਰਸ ਦੀਆਂ ਸੰਗਠਨਾਤਮਿਕ ਚੋਣਾਂ ਲਈ ਮਤਦਾਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਬੁੱਧਵਾਰ ਨੂੰ ਜਲੰਧਰ ਸੈਂਟਰਲ ਹਲਕੇ ਲਈ ਮਤਦਾਨ ਹੋਇਆ। ਮਤਦਾਨ ਦਾ ਪ੍ਰਤੀਸ਼ਤ ਕਾਫੀ ਘੱਟ ਰਿਹਾ ਅਤੇ 4348 ਵੋਟਾਂ ਵਿਚੋਂ ਸਿਰਫ 780 ਵੋਟਰਾਂ ਨੇ ਮਤਦਾਨ ਦੀ ਵਰਤੋਂ ਕੀਤੀ। ਇਹ ਲਗਪਗ 18 ਪ੍ਰਤੀਸ਼ਤ ਹੈ। ਵੋਟਿੰਗ ਵਿਚ ਲੜਕੀਆਂ ਨੇ ਵੀ ਹਿੱਸਾ ਲਿਆ। ਇਕ ਮਤਦਾਤਾ ਨੇ ਪੰਜ ਵੋਟਾਂ ਪਾਉਣੀਆਂ ਸਨ। ਇਸ ਵਿਚ ਪ੍ਰਦੇਸ਼ ਪ੍ਰਧਾਨ, ਪ੍ਰਦੇਸ਼ ਜਨਰਲ ਸੈਕਟਰੀ, ਜਲੰਧਰ ਸ਼ਹਿਰੀ ਦੇ ਪ੍ਰਧਾਨ ਤੇ ਜਨਰਲ ਸੈਕਟਰੀ ਅਤੇ ਵਿਧਾਨ ਸਭਾ ਹਲਕਾ ਸੈਂਟਰਲ ਦੇ ਪ੍ਰਧਾਨ ਲਈ ਵੋਟ ਪਾਈ ਗਈ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਵੀ ਮਤਦਾਨ ਹੋਵੇਗਾ। ਵੀਰਵਾਰ ਨੂੰ ਵੈਸਟ ਅਤੇ ਕੈਂਟ ਹਲਕੇ ਅਤੇ ਸ਼ੁੱਕਰਵਾਰ ਨੂੰ ਨਾਰਥ ਹਲਕੇ ਲਈ ਵੋਟਾਂ ਪਾਈਆਂ ਜਾਣਗੀਆਂ। ਯੂਥ ਚੋਣਾਂ ਨੂੰ ਦੇਖਦੇ ਹੋਏ ਕਾਂਗਰਸ ਭਵਨ ਦੇ ਆਸ-ਪਾਸ ਭਾਰੀ ਸੁਰੱਖਿਆ ਬਲ ਤਾਇਨਾਤ ਸਨ। ਕਾਂਗਰਸ ਭਵਨ ਦੇ ਅੰਦਰ ਵੋਟਿੰਗ ਲਈ ਵੀ ਸਖ਼ਤ ਜਾਂਚ ਤੋਂ ਬਾਅਦ ਹੀ ਵੋਟਰਾਂ ਨੂੰ ਭੇਜਿਆ ਜਾ ਰਿਹਾ ਸੀ। ਮਤਦਾਨ ਐਪ ਜ਼ਰੀਏ ਕਰਵਾਇਆ ਗਿਆ। ਇਸ ਦੇ ਲਈ ਚੋਣ ਟੀਮ ਨੇ 9 ਟੈਬ ਇਸਤੇਮਾਲ ਕੀਤੇ। ਜਲੰਧਰ ਸ਼ਹਿਰੀ ਦੇ ਪ੍ਰਧਾਨ ਅਹੁਦੇ ਲਈ ਰਾਜੇਸ਼ ਅਗਨੀਹੋਤਰੀ, ਅੰਗਦ ਦੱਤਾ ਅਤੇ ਦੀਪਕ ਖੋਸਲਾ 'ਚ ਮੁਕਾਬਲਾ ਹੈ। ਵੀਰਵਾਰ ਨੂੰ ਦੋ ਹਲਕਿਆਂ ਦੇ ਮਤਦਾਨ ਲਈ 5-5 ਟੈਬ ਇਸਤੇਮਾਲ ਹੋਣਗੇ। ਇਸ ਨਾਲ ਵੋਟਿੰਗ ਦਾ ਪ੍ਰਤੀਸ਼ਤ ਹੋਰ ਡਿੱਗ ਸਕਦਾ ਹੈ।

ਆਈਡੀ ਨੂੰ ਲੈ ਕੇ ਮੁਸ਼ਕਲ, 400 ਤੋਂ ਵੱਧ ਵੋਟਰ ਵਾਪਸ ਭੇਜੇ

ਯੂਥ ਕਾਂਗਰਸ ਦੀਆਂ ਚੋਣਾਂ ਵਿਚ ਪਾਰਟੀ ਦੇ ਯੂਥ ਵਰਕਰਾਂ ਨੂੰ ਮਤਦਾਨ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਵੋਟਰਾਂ ਨੂੰ ਉਹੀ ਆਈਡੀ ਲੈ ਕੇ ਆਉਣੀ ਸੀ ਜੋ ਮੈਂਬਰਸ਼ਿਪ ਦੇ ਨਾਲ ਲਗਾਈ ਗਈ ਸੀ। ਇਸ ਕਾਰਨ ਪਰੇਸ਼ਾਨੀ ਬਣੀ ਰਹੀ। 400 ਤੋਂ ਵੱਧ ਵੋਟਰ ਮਤਦਾਨ ਨਹੀਂ ਕਰ ਸਕੇ। ਚੋਣ ਲੜ ਰਹੇ ਉਮੀਦਵਾਰਾਂ ਨੇ ਲਗਪਗ ਇਕ ਸਾਲ ਪਹਿਲਾਂ ਮੈਂਬਰਸ਼ਿਪ ਲਈ ਸੀ। ਅਜਿਹੇ 'ਚ ਮੈਂਬਰਸ਼ਿਪ ਕਰਨ ਵਾਲਿਆਂ ਨੂੰ ਵੀ ਨਹੀਂ ਪਤਾ ਸੀ ਕਿ ਕਿਸ ਮੈਂਬਰ ਨੇ ਕਿਹੜੀ ਆਈਡੀ ਮੈਂਬਰਸ਼ਿਪ ਨਾਲ ਲਗਾਈ ਸੀ। ਚੋਣ ਟੀਮ ਨੇ ਵੀ ਸਿਰਫ ਇਕ ਦਿਨ ਪਹਿਲਾਂ ਹੀ ਉਮੀਦਵਾਰਾਂ ਦੀ ਲਿਸਟ ਦਿੱਤੀ ਸੀ ਕਿ ਕਿਸ ਮੈਂਬਰ ਨੂੰ ਕਿਹੜੀ ਆਈਡੀ ਦੇ ਨਾਲ ਵੋਟ ਦਾ ਅਧਿਕਾਰ ਹੋਵੇਗਾ। ਇਸ ਕਾਰਨ ਲਗਪਗ 400 ਤੋਂ ਵੱਧ ਲੋਕਾਂ ਨੂੰ ਮਤਦਾਨ ਲਈ ਐਂਟਰੀ ਨਹੀਂ ਮਿਲੀ।

ਅੱਜ ਵੈਸਟ ਅਤੇ ਕੈਂਟ ਹਲਕੇ ਲਈ ਵੋਟਿੰਗ

ਜਲੰਧਰ ਸ਼ਹਿਰ ਵਿਚ ਕੁੱਲ 11248 ਵੋਟਾਂ ਹਨ। ਇਨ੍ਹਾਂ ਵਿਚੋਂ 25 ਪ੍ਰਤੀਸ਼ਤ ਤੋਂ ਘੱਟ ਹੀ ਭੁਗਤਣ ਦੀ ਉਮੀਦ ਹੈ। ਵੀਰਵਾਰ ਨੂੰ ਵੈਸਟ ਅਤੇ ਕੈਂਟ ਹਲਕੇ ਦੇ ਵੋਟਰ ਮਤਦਾਨ ਕਰਨਗੇ। ਸ਼ੁੱਕਰਵਾਰ ਨੂੰ ਨਾਰਥ ਹਲਕੇ ਦੇ ਯੂਥ ਵਰਕਰ ਮਤਦਾਨ ਕਰਨਗੇ। ਵੈਸਟ ਅਤੇ ਕੈਂਟ ਵਿਚ ਲਗਪਗ 5 ਹਜ਼ਾਰ ਵੋਟਰ ਹਨ। ਇਹ ਦੋਵੇਂ ਚੋਣਾਂ ਵਿਚ ਫੈਸਲਾਕੁਨ ਸਾਬਤ ਹੋ ਸਕਦੇ ਹਨ। ਪ੍ਰਧਾਨ ਅਹੁਦੇ ਦੇ ਦੋ ਦਾਅਵੇਦਾਰ ਰਾਜੇਸ਼ ਅਗਨੀਹੋਤਰੀ ਅਤੇ ਦੀਪਕ ਖੋਸਲਾ ਹਲਕੇ ਤੋਂ ਹਨ ਅਤੇ ਇਕ ਦੂਸਰੇ ਦੀ ਵੋਟ ਕੱਟ ਸਕਦੇ ਹਨ। ਅੰਗਦ ਦੱਤਾ ਕੈਂਟ ਦੇ ਰਹਿਣ ਵਾਲੇ ਹਨ ਅਤੇ ਲਗਪਗ 2300 ਵੋਟਾਂ ਵਿਚੋਂ ਇਕ ਵੱਡੀ ਗਿਣਤੀ ਦੱਤਾ ਦੀ ਹੈ।