ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ਵਿਨ ਭੱਲਾ ਨੇ ਆਪਣੇ ਦਫਤਰ ਵਿਖੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਵੇਂ ਉੱਪ ਮੁੱਖ ਮੰਤਰੀ ਬਣਨ 'ਤੇ ਮੁਬਾਰਕਬਾਦ ਦਿੰਦਿਆਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਭੱਲਾ ਨੇ ਦੱਸਿਆ ਕਿ ਪਾਰਟੀ ਹਾਈਕਮਾਂਡ ਨੇ ਜਿਹੜਾ ਫੈਸਲਾ ਪੰਜਾਬ ਦੇ ਹਿੱਤ ਲਈ ਕੀਤਾ ਹੈ, ਉਹ ਇਤਿਹਾਸਕ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਆਮ ਘਰ ਵਿਚ ਜੰਮੇ ਆਗੂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ 'ਤੇ ਮਾਝੇ ਦੇ ਨਿਧੱੜਕ ਜਰਨੈਲ ਸੁਖਜਿੰਦਰ ਸਿੰਘ ਰੰਧਾਵਾ ਨੂੰ ਉੱਪ ਮੁੱਖ ਮੰਤਰੀ ਬਣਨ ਦਾ ਮੌਕਾ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ। ਕਾਂਗਰਸ ਪਾਰਟੀ ਦਾ ਮੁੱਖ ਉਦੇਸ਼ ਪੰਜਾਬ ਦੀ ਆਜ਼ਾਦੀ ਨੂੰ ਬਰਕਰਾਰ ਰੱਖਣਾ ਤੇ ਪੰਜਾਬ ਨੂੰ ਖੁਸ਼ਹਾਲ ਕਰਨਾ ਮੁੱਖ ਟੀਚਾ ਹੋਵੇਗਾ। ਭੱਲਾ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤੇ ਗਏ ਐਲਾਨਾਂ ਨਾਲ ਪੰਜਾਬ ਦੇ ਹਰ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਯੂਥ ਕਾਂਗਰਸ ਦਿਹਾਤੀ ਦੇ ਪ੍ਰਧਾਨ ਹਨੀ ਜੋਸ਼ੀ, ਨਕੋਦਰ ਬਲਾਕ ਦੇ ਪ੍ਰਧਾਨ ਸਾਹਿਲ ਸ਼ਰਮਾ, ਹਰਜੋਤ ਸਿੰਘ ਨਾਗਰਾ, ਰਿਧਮ ਚੱਢਾ, ਰਾਕੇਸ਼ ਚੰਦਪੁਰ, ਵਿਸ਼ਾਲ ਭੋਗਪੁਰ, ਅਸ਼ਵਨੀ ਸ਼ਰਮਾ ਭੋਗਪੁਰ, ਮੋਂਟੀ ਖੁਰਾਨਾ, ਹਰਜੀਤ ਸਿੰਘ, ਪਿੰ੍ਸ ਤੇ ਹੋਰ ਮੌਜੂਦ ਸਨ।