ਰਾਕੇਸ਼ ਗਾਂਧੀ, ਜਲੰਧਰ : ਜਲੰਧਰ-ਹੁਸ਼ਿਆਰਪੁਰ ਰੋਡ 'ਤੇ ਮੰਗਲਵਾਰ ਇਕ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਬਰਗਰ ਕਿੰਗ 'ਚ ਕੰਮ ਕਰਨ ਵਾਲੇ ਨੌਜਵਾਨ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਹਰਜੀਤ ਸਿੰਘ ਵਾਸੀ ਪਿੰਡ ਮਦਾਰਾ ਜੋ ਕਿ ਪਠਾਨਕੋਟ ਚੌਕ 'ਚ ਸਥਿਤ ਬਰਗਰ ਕਿੰਗ 'ਚ ਨੌਕਰੀ ਕਰਦਾ ਸੀ, ਦੀ ਸੋਮਵਾਰ ਰਾਤ ਦੀ ਸ਼ਿਫਟ ਸੀ ਤੇ ਉਹ ਮੰਗਲਵਾਰ ਡਿਊਟੀ ਖ਼ਤਮ ਕਰਨ ਤੋਂ ਬਾਅਦ ਘਰ ਜਾ ਰਿਹਾ ਸੀ ਕਿ ਜੰਡੂਸਿੰਘਾ ਲਾਗੇ ਇਕ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਕਤ ਵਾਹਨ ਦਾ ਚਾਲਕ ਹਰਜੀਤ ਸਿੰਘ ਨੂੰ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਦਿਆਂ ਹੀ ਥਾਣਾ ਆਦਮਪੁਰ ਤੇ ਥਾਣਾ ਰਾਮਾ ਮੰਡੀ ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਪੁਲਿਸ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣ 'ਚ ਲੱਗੀ ਹੋਈ ਹੈ। ਸੂਚਨਾ ਮਿਲਦਿਆਂ ਹੀ ਮਿ੍ਤਕ ਦੇ ਪਰਿਵਾਰ ਮੈਂਬਰ ਮੌਕੇ 'ਤੇ ਪੁੱਜੇ। ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਜੀਤ ਮਿਹਨਤ ਕਰ ਕੇ ਪੜ੍ਹਾਈ ਦਾ ਖਰਚਾ ਕੱਢ ਰਿਹਾ ਸੀ ਤੇ ਉਸ ਨੇ ਕੁਝ ਸਮੇਂ ਬਾਅਦ ਕੈਨੇਡਾ 'ਚ ਸ਼ਿਫਟ ਹੋਣਾ ਸੀ। ਉਸ ਦਾ ਵੀਜ਼ਾ ਲੱਗ ਚੁੱਕਾ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ।