ਜੇਐੱਨਐੱਨ, ਫਿਲੌਰ : ਫਿਲੌਰ ਦੇ ਰਹਿਣ ਵਾਲੇ ਸੁਰੇਸ਼ ਤਿਵਾਰੀ ਜੋ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਸਾਊਦੀ ਅਰਬ ਵਿਚ ਸ਼ੇਖ ਦੀ ਕੈਦ 'ਚ ਸੀ, ਛੁੱਟ ਕੇ ਐਤਵਾਰ ਸਵੇਰੇ ਫਿਲੌਰ ਪਹੁੰਚਿਆ। ਜਿੱਥੇ ਅੱਜ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪਣੇ 'ਤੇ ਹੋਏ ਤਸ਼ੱਦਦ ਦੀ ਗੱਲ ਦੱਸੀ। ਇਸ ਮੌਕੇ ਉਸ ਦੇ ਨਾਲ ਉਸ ਦੇ ਪਿਤਾ ਰਾਮ ਮਿਲਨ ਤਿਵਾਰੀ ਵੀ ਸਨ, ਜਿਨ੍ਹਾਂ ਦੇ ਖੁਸ਼ੀ ਦੇ ਮਾਰੇ ਹੰਝੂ ਨਹੀਂ ਰੁਕ ਰਹੇ ਸਨ।

ਸੁਰੇਸ਼ ਨੇ ਦੱਸਿਆ ਕਿ ਅਗਸਤ 2016 'ਚ ਫਿਲੌਰ ਦੇ ਇਕ ਟਰੈਵਲ ਏਜੰਟ ਨੇ ਕਿਹਾ ਕਿ ਸਾਊਦੀ ਅਰਬ 'ਚ ਸਕਿਉਰਿਟੀ ਗਾਰਡ ਦੀ ਨੌਕਰੀ ਹੈ, ਜਿੱਥੇ ਉਸ ਨੂੰ ਚੰਗੀ ਤਨਖਾਹ ਮਿਲੇਗੀ। ਉਹ ਉਸ ਦੀਆਂ ਗੱਲਾਂ ਵਿਚ ਆ ਗਿਆ ਅਤੇ ਫਿਲੌਰ ਦੀ ਨਿੱਜੀ ਫਰਮ ਤੋਂ ਚੰਗੀ ਨੌਕਰੀ ਛੱਡ ਕੇ ਪੈਸੇ ਖਰਚ ਕੇ ਉਸ ਨਾਲ ਸਾਊਦੀ ਅਰਬ ਚਲਾ ਗਿਆ। ਉਥੇ ਪਹੁੰਚਣ 'ਤੇ ਉਸ ਨੂੰ ਇਕ ਸ਼ੇਖ ਦੇ ਫਾਰਮ ਹਾਊਸ 'ਚ ਨੌਕਰੀ 'ਤੇ ਲਗਾ ਦਿੱਤਾ ਗਿਆ। ਜਦੋਂ ਉਸ ਨੇ ਏਜੰਟ ਨੂੰ ਇਸ ਬਾਰੇ ਦੱਸਿਆ ਤਾਂ ਏਜੰਟ ਨੇ ਕਿਹਾ ਕਿ ਕੁਝ ਦਿਨਾਂ ਬਾਅਦ ਉਹ ਉਸ ਨੂੰ ਕਿਤੇ ਹੋਰ ਨੌਕਰੀ 'ਤੇ ਲਗਾ ਦੇਵੇਗਾ। ਹੱਦ ਤਾਂ ਉਦੋਂ ਹੋ ਗਈ ਜਦੋਂ ਉਸ ਨੂੰ ਲੱਗੇ 11 ਦਿਨ ਹੋਏ ਸਨ ਤਾਂ ਉਥੇ ਚਾਰ ਸਾਲਾਂ ਤੋਂ ਕੰਮ ਕਰ ਰਹੇ ਝਾਰਖੰਡ ਦੇ ਇਕ ਨੌਜਵਾਨ ਨੇ ਸ਼ੇਖ ਦੇ ਤਸ਼ੱਦਦ ਤੋਂ ਤੰਗ ਆ ਕੇ ਖੁਦ ਨੂੰ ਅੱਗ ਲਗਾ ਲਈ। ਉਸ ਨੇ ਦੱਸਿਆ ਕਿ ਸ਼ੇਖ ਦੇ ਫਾਰਮ ਹਾਊਸ ਵਿਚ ਚਾਰ ਲੋਕ ਕੰਮ ਕਰਦੇ ਸਨ, ਇਕ ਦੀ ਮੌਤ ਹੋ ਗਈ, ਬਾਕੀ ਦੋ ਵਿਅਕਤੀ ਸੂੁਡਾਨ ਦੇ ਸਨ। ਡੇਢ ਸਾਲ ਤਾਂ ਸਭ ਠੀਕ ਚੱਲਦਾ ਰਿਹਾ। ਇਸੇ ਦੌਰਾਨ ਜਦੋਂ ਉਸ ਨੇ ਛੁੱਟੀ ਮੰਗੀ ਤਾਂ ਸ਼ੇਖ ਨੇ ਉਸ ਦੀ ਤਨਖਾਹ ਬੰਦ ਕਰ ਦਿੱਤੀ ਅਤੇ ਉਸ 'ਤੇ ਜ਼ੁਲਮ ਢਾਹੁਣੇ ਸ਼ੁਰੂ ਕਰ ਦਿੱਤੇ। ਉਸ ਨੂੰ ਮਹੀਨੇ ਵਿਚ 1300 ਰਿਆਲ ਮਿਲਦੇ ਸਨ। ਸ਼ੇਖ ਦੇ ਫਾਰਮ ਹਾਊਸ 'ਚ 50 ਦੇ ਲਗਪਗ ਗਾਵਾਂ ਤੇ 200 ਬੱਕਰੀਆਂ ਸਨ, ਜਿਨ੍ਹਾਂ ਦਾ ਸਵੇਰੇ ਚਾਰ ਵਜੇ ਉਠ ਕੇ ਦੁੱਧ ਚੋਣਾ ਪੈਂਦਾ ਸੀ। ਸੱਤ ਵਜੇ ਤੋਂ ਸਾਰਾ ਦਿਨ ਇਨ੍ਹਾਂ ਲਈ ਹੱਥੀਂ ਚਾਰਾ ਕੱਟਣਾ ਪੈਂਦਾ ਸੀ ਅਤੇ ਉਹ ਰਾਤ 10 ਵਜੇ ਤਕ ਕੰਮ ਕਰਦੇ ਰਹਿੰਦੇ ਸਨ। ਫਾਰਮ ਹਾਊਸ ਦੇ ਚਾਰੇ ਪਾਸੇ ਉੱਚੀਆਂ ਕੰਧਾਂ ਸਨ। ਸ਼ੇਖ ਹਫਤੇ ਵਿਚ ਇਕ ਵਾਰ ਫਾਰਮ ਹਾਊਸ ਵਿਚ ਆਉਂਦਾ ਸੀ। ਜੋ ਬੱਕਰੀਆਂ ਨੂੰ ਚਾਰਾ ਦਿੱਤਾ ਜਾਂਦਾ ਸੀ, ਉਹੀ ਉਨ੍ਹਾਂ ਨੂੰ ਖਾਣ ਲਈ ਦਿੱਤਾ ਜਾਂਦਾ ਸੀ, ਉਹ ਇਕ ਹਫਤੇ ਤਕ ਉਹੀ ਖਾਣਾ ਖਾਂਦੇ ਸਨ। ਜਦੋਂ ਉਹ ਸ਼ੇਖ ਤੋਂ ਪੈਸੇ ਮੰਗਦਾ ਤਾਂ ਸੇਠ ਉਸ ਦੀ ਜੰਮ ਕੇ ਮਾਰਕੁੱਟ ਕਰਦਾ। ਜਦੋਂ ਉਸ ਦੇ ਹਾਲਾਤ ਖਰਾਬ ਹੋਣ ਲੱਗੇ ਤਾਂ ਉਸ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪਾ ਕੇ ਮਦਦ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਗੁਰਾਇਆ ਥਾਣੇ ਦੇ ਪਿੰਡ ਢੱਲੇਵਾਲ ਦਾ ਇਕ ਨੌਜਵਾਨ ਅਤੇ ਇਕ ਨੌਜਵਾਨ ਨਕੋਦਰ ਤੋਂ ਉਸ ਦੀ ਮਦਦ ਲਈ ਅੱਗੇ ਆਏ। ਉਨ੍ਹਾਂ ਉਸ ਨੂੰ ਕਿਸੇ ਤਰ੍ਹਾਂ ਕੰਧ ਟੱਪ ਕੇ ਬਾਹਰ ਆਉਣ ਲਈ ਕਿਹਾ ਜਿਸ ਤੋਂ ਬਾਅਦ ਉਹ 15 ਫੁੱਟੀ ਉੱਚੀ ਕੰਧ ਟੱਪ ਕੇ ਬਾਹਰ ਆਇਆ ਤੇ ਕਈ ਕਿਲੋਮੀਟਰ ਭੱਜ ਕੇ ਜੀਟੀ ਰੋਡ 'ਤੇ ਉਨ੍ਹਾਂ ਦੀ ਲੋਕੇਸ਼ਨ 'ਤੇ ਪਹੁੰਚਿਆ ਜਿੱਥੇ ਉਕਤ ਨੌਜਵਾਨਾਂ ਨੇ ਉਸ ਨੂੰ ਖਾਣਾ ਖੁਆਇਆ ਅਤੇ ਬਾਅਦ 'ਚ ਅੰਬੈਸੀ 'ਚ ਪੇਸ਼ ਕੀਤਾ। ਅੰਬੈਸੀ ਨੇ ਉਸ ਨੂੰ ਲੇਬਰ ਕੋਰਟ 'ਚ ਭੇਜ ਦਿੱਤਾ ਜਿੱਥੋਂ ਉਸ ਦੇ ਸ਼ੇਖ ਨੂੰ ਬੁਲਾਇਆ ਗਿਆ ਅਤੇ ਕੋਰਟ ਨੇ ਸ਼ੇਖ ਨੂੰ 11000 ਰਿਆਲ ਤੇ ਪਾਸਪੋਰਟ ਦੇਣ ਲਈ ਕਿਹਾ। ਉਸ ਨੇ ਇਸ ਮੌਕੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਸ ਦਾ ਦੂਜਾ ਜਨਮ ਹੈ। ਉਸ ਨੇ ਸੂਬੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗਲਤ ਏਜੰਟਾਂ ਦੇ ਹੱਥ ਚੜ੍ਹ ਕੇ ਆਪਣਾ ਜੀਵਨ ਬਰਬਾਦ ਨਾ ਕਰਨ ਕਿਉਂਕਿ ਬਹੁਤ ਸਾਰੇ ਨੌਜਵਾਨ ਹਾਲੇ ਵੀ ਸਾਊਦੀ ਅਰਬ ਤੇ ਕੁਵੈਤ 'ਚ ਫਸੇ ਹੋਏ ਹਨ।