ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਚੌਕੀ ਪਚਰੰਗਾ ਅਧੀਨ ਆਉਂਦੇ ਪਿੰਡ ਕਾਲਾ ਬੱਕਰਾ ਵਿਖੇ ਨਸ਼ਿਆਂ ਦੇ ਆਦੀ 20 ਸਾਲਾ ਨੌਜਵਾਨ ਵੱਲੋ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦਲਵੀਰ ਸਿੰਘ ਵਾਸੀ ਪਿੰਡ ਕਾਲਾ ਬੱਕਰਾ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਮਾਮੇ ਇੰਦਰਜੀਤ ਸਿੰਘ ਦੀ 5 ਸਾਲ ਪਹਿਲਾਂ ਮੌਤ ਹੋ ਗਈ ਸੀ । ਉਸ ਦਾ ਲੜਕਾ ਲਵਪ੍ਰੀਤ ਸਿੰਘ ਪਿਛਲੇ 5 ਸਾਲਾਂ ਤੋਂ ਕਾਲਾ ਬੱਕਰਾ ਸਥਿਤ ਘਰ ਵਿੱਚ ਰਹਿ ਰਿਹਾ ਸੀ ।

ਦਲਵੀਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ ਤੇ ਪਰੇਸ਼ਾਨ ਰਹਿੰਦਾ ਸੀ ਅਤੇ ਵੀਰਵਾਰ ਰਾਤ ਮਕਾਨ ਦੀ ਤੀਸਰੀ ਮੰਜ਼ਲ ਉੱਪਰ ਇਕੱਲਾ ਸੌਣ ਲਈ ਗਿਆ ਸੀ । ਜੋ ਸ਼ੁੱਕਰਵਾਰ ਸਵੇਰੇ 11 ਵਜੇ ਤਕ ਜਦੋਂ ਤੀਸਰੀ ਮੰਜ਼ਲ ਤੋਂ ਥੱਲੇ ਨਾ ਉਤਰਿਆ ਤਾਂ ਪਰਿਵਾਰਕ ਮੈਬਰਾਂ ਨੇ ਉੱਪਰ ਜਾ ਕੇ ਦੇਖਿਆ ਤਾਂ ਛੱਤ ਦੇ ਪੱਖੇ ਨਾਲ ਸਾਫ਼ਾ ਪਾ ਕੇ ਲਟਕਿਆ ਹੋਇਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ । ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਦੀ ਮੌਤ ਲਈ ਕਿਸੇ ਦਾ ਕੋਈ ਕਸੂਰ ਨਹੀ ਹੈ । ਜਿਸ ਦੇ ਆਧਾਰ 'ਤੇ ਚੌਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਨੇ 174 ਦੀ ਕਾਰਵਾਈ ਕਰਦਿਆਂ ਪੋਸਟ ਮਾਰਟਮ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ ।

Posted By: Jagjit Singh