ਜੇਐੱਨਐੱਨ, ਜਲੰਧਰ : ਸਵਾਈਨ ਫਲੂ ਨਾਲ ਵਿਆਹ ਤੋਂ 17 ਦਿਨ ਪਹਿਲਾਂ ਸ਼ਹਿਰ ਦੇ ਮਸ਼ਹੂਰ ਚਾਚਾ ਪਕੌੜਿਆਂ ਵਾਲੇ ਦੇ ਪੁੱਤਰ ਦੀ ਮੌਤ ਹੋ ਗਈ। ਸ਼ਹਿਰ 'ਚ ਸਵਾਈਨ ਫਲੂ ਨਾਲ ਪਹਿਲੀ ਮੌਤ ਨਾਲ ਦਹਿਸ਼ਤ ਦਾ ਮਾਹੌਲ ਹੈ। ਨੌਜਵਾਨ ਦਾ ਮੰਗਲਵਾਰ ਨੂੰ ਹਰਨਾਮਦਾਸਪੁਰਾ 'ਚ ਅੰਤਮ ਸਸਕਾਰ ਕੀਤਾ ਗਿਆ। ਸਿਹਤ ਵਿਭਾਗ ਨੇ ਨੌਜਵਾਨ ਦਾ ਸਵਾਈਨ ਫਲੂ ਦਾ ਟੈਸਟ ਨਾ ਹੋਣ ਦੀ ਗੱਲ ਕਹੀ ਹੈ। ਸ਼ਹੀਦ ਊਧਮ ਸਿੰਘ ਨਗਰ ਸਥਿਤ ਚਾਚਾ ਪਕੌੜਿਆਂ ਵਾਲੇ ਰਜਿੰਦਰ ਕੁਮਾਰ ਦੇ ਪੁੱਤਰ ਰਾਹੁਲ ਕੁਮਾਰ ਦੀ ਸੋਮਵਾਰ ਨੂੰ ਮੌਤ ਹੋ ਗਈ। ਰਜਿੰਦਰ ਕੁਮਾਰ ਨੇ ਕਿਹਾ ਕਿ ਪਿਛਲੇ ਹਫ਼ਤੇ ਬਿਮਾਰ ਹੋਣ 'ਤੇ ਪਹਿਲਾਂ ਸਿੱਕਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਉਸਨੂੰ 23 ਜਨਵਰੀ ਨੂੰ ਪਟੇਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਸੋਮਵਾਰ ਨੂੰ ਉਸਦੀ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਉਸਨੂੰ ਡੀਐੱਮਸੀ ਹਸਪਤਾਲ ਲੁਧਿਆਣਾ 'ਚ ਰੈਫਰ ਕੀਤਾ ਗਿਆ। ਜਿੱਥੇ ਕਰੀਬ ਦੋ ਘੰਟੇ ਰਿਹਾ ਤੇ ਉਸਦੀ ਮੌਤ ਹੋ ਗਈ। ਰਾਹੁਲ ਦੀ ਲਾਸ਼ ਨੂੰ ਹਸਪਤਾਲ ਨੇ ਪਾਲੀਥੀਨ ਬੈਗ 'ਚ ਪੈਕ ਕਰ ਦਿੱਤਾ ਸੀ। ਉਸਦਾ ਅੰਤਮ ਸਸਕਾਰ ਹਰਨਾਮਦਾਸਪੁਰਾ 'ਚ ਕਰ ਦਿੱਤਾ ਗਿਆ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਕਿਹਾ ਕਿ ਨੌਜਵਾਨ ਦੀ ਮੌਤ ਦੀ ਸੂਚਨਾ ਮਿਲਦੇ ਹੀ ਵਿਭਾਗ ਦੀ ਟੀਮ ਉਨ੍ਹਾਂ ਦੇ ਘਰ ਭੇਜੀ ਗਈ ਸੀ। ਰਾਹੁਲ ਸਵਾਈਨ ਫਲੂ ਦਾ ਸ਼ੱਕੀ ਮਰੀਜ਼ ਸੀ ਤੇ ਇਸਦਾ ਪਟੇਲ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਉਸਨੂੰ ਸਵਾਈਨ ਫਲੂ ਦੀ ਦਵਾਈ ਵੀ ਦਿੱਤੀ ਗਈ ਸੀ। ਉਸਦੀ ਹਾਲਤ 'ਚ ਸੁਧਾਰ ਵੀ ਹੋਇਆ ਸੀ ਤੇ ਸੋਮਵਾਰ ਨੂੰ ਅਚਾਨਕ ਸਥਿਤੀ ਗੰਭੀਰ ਬਣ ਗਈ ਸੀ। ਮਰੀਜ਼ ਦਾ ਸਵਾਈਨ ਫਲੂ ਦਾ ਟੈਸਟ ਨਾ ਹੋਣ ਕਾਰਨ ਬਿਮਾਰੀ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਨੂੰ ਚੌਕਸੀ ਵਜੋਂ ਸਵਾਈਨ ਫਲੂ ਦੀ ਦਵਾਈ ਦੇ ਦਿੱਤੀ ਗਈ ਹੈ। ਮਿ੍ਰਤਕ ਦੀ ਫਾਈਲ ਮੰਗਵਾ ਕੇ ਜਾਂਚ ਪੜਤਾਲ ਤੋਂ ਬਾਅਦ ਮੌਤ ਦੇ ਕਾਰਨ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਫਿਲਹਾਲ ਜ਼ਿਲ੍ਹੇ 'ਚ ਸਵਾਈਨ ਫਲੂ ਦੇ ਤਿੰਨ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

-----

-ਵਿਆਹ ਦੀਆਂ ਤਿਆਰੀਆਂ ਆਖਰੀ ਗੇੜ 'ਚ ਪੁੱਜੀਆਂ ਤੇ ਪੁੱਤਰ ਪਹਿਲਾਂ ਹੀ ਅਲਵਿਦਾ ਕਹਿ ਗਿਆ

ਰਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਰਾਹੁਲ ਦਾ ਘਰ 'ਚ ਪਹਿਲਾ ਵਿਆਹ ਸੀ। ਉਸ ਦੀਆਂ ਤਿਆਰੀਆਂ ਤਕਰੀਬਨ ਪੂਰੀਆਂ ਹੋ ਚੁੱਕੀਆਂ ਸਨ। ਪੁੱਤਰ ਨੂੰ ਲਾੜੇ ਦੀ ਪੌਸ਼ਾਕ 'ਚ ਦੇਖਣ ਦਾ ਸੁਪਨਾ ਸੀ, ਜੋ ਸ਼ਮਸ਼ਾਨਘਾਟ 'ਚ ਅੰਤਮ ਵਿਦਾਈ ਦੀ ਅੱਗ 'ਚ ਸੜ ਕੇ ਖਾਕ ਹੋ ਗਿਆ। ਰਾਹੁਲ ਨੇ ਖੁਦ ਸਾਰਿਆਂ ਨੂੰ ਵਿਆਹ ਦਾ ਸੱਦਾ ਦਿੱਤਾ ਸੀ। ਵਿਆਹ ਦੀਆਂ ਸਾਰੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਘਰ 'ਚ ਖੁਸ਼ੀਆਂ ਦੇ ਆਗਮਨ ਤੋਂ ਪਹਿਲਾਂ ਹੀ ਜ਼ਿੰਦਗੀ ਭਰ ਦਾ ਗਮ ਦੇ ਕੇ ਹਮੇਸ਼ਾ ਲਈ ਅਲਵਿਦਾ ਕਹਿ ਗਿਆ। ਘਰ 'ਚ ਵਿਆਹ ਦੀਆਂ ਖੁਸ਼ੀਆਂ ਦੀ ਆਸ ਲਗਾਏ ਬੈਠੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ 'ਚ ਜ਼ਿੰਦਗੀ ਭਰ ਦੇ ਗਮ ਮਿਲਣ ਨਾਲ ਅੱਥਰੂ ਰੁਕ ਨਹੀਂ ਰਹੇ ਹਨ।