ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਜਲੰਧਰ-ਪਠਾਨਕੋਟ ਰੇਲਵੇ ਟਰੈਕ 'ਤੇ ਰੇਲਗੱਡੀ ਹੇਠਾਂ ਆਉਣ ਨਾਲ 37 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਮਨਦੀਪ ਕੁਮਾਰ ਪੁੱਤਰ ਪੇ੍ਮ ਨਾਥ ਵਾਰਡ ਨੰਬਰ-1 ਵਿਖੇ ਪੈਂਦੇ ਘੁਮਿਆਰਾ ਮੁਹੱਲਾ ਦੇ ਰਹਿਣ ਵਾਲੇ ਨੌਜਵਾਨ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਮਨਦੀਪ ਕੁਮਾਰ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਸਹਿਕਾਰੀ ਖੰਡ ਮਿੱਲ ਭੋਗਪੁਰ ਵਿਖੇ ਦਿਹਾੜੀ ਤੇ ਕੰਮ ਕਰਦਾ ਸੀ ਤੇ ਖੰਡ ਮਿੱਲ ਭੋਗਪੁਰ ਦੀ ਤੜਕੇ ਸ਼ਿਫਟ ਲਾਉਣ ਲਈ ਘਰੋਂ ਨਿਕਲਿਆ ਸੀ ਤੇ ਰੇਲਵੇ ਟਰੈਕ ਪਾਰ ਕਰਨ ਸਮੇਂ ਰੇਲ ਗੱਡੀ ਨਾਲ ਫੇਟ ਵੱਜਣ ਨਾਲ ਮੌਕੇ 'ਤੇ ਮੌਤ ਹੋ ਗਈ। ਰੇਲਵੇ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ 'ਚ ਰਖਵਾ ਦਿੱਤੀ ਹੈ। ਪੋਸਟ ਮਾਰਟਮ ਕਰਵਾਉਣ ਉਪਰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ ਤੇ ਉਸ ਦਾ ਦੇਰ ਸ਼ਾਮ ਸਸਕਾਰ ਕਰ ਦਿੱਤਾ ਗਿਆ।