ਸੁਦੇਸ਼ ਬੱਗਾ, ਜਲੰਧਰ : ਮੋਗਾ-ਜਲੰਧਰ ਜੀਟੀ ਰੋਡ 'ਤੇ ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਫਲ ਵੇਚਣ ਵਾਲਿਆਂ ਮੂਹਰੇ ਟ੍ਰੈਫਿਕ ਕੰਟਰੋਲ ਲਈ ਵਾਹੀ ਚਿੱਟੀ ਲਕੀਰ ਅੰਦਰ ਖੜ੍ਹਦੇ ਵਾਹਨ ਗੰਭੀਰ ਸਮੱਸਿਆ ਬਣਦੇ ਜਾ ਰਹੇ ਹਨ। ਇਸ ਨਾਲ ਜੀਟੀ ਰੋਡ ਤੋਂ ਲੰਘਦੇ ਵਾਹਨਾਂ ਲਈ ਪਰੇਸ਼ਾਨੀ ਖੜ੍ਹੀ ਹੋ ਰਹੀ ਹੈ। ਜ਼ਿਲ੍ਹਾ ਪੁਲਿਸ ਵੱਲੋਂ ਲਾਏ ਗਏ ਨੋ-ਪਾਰਕਿੰਗ ਜ਼ੋਨ ਦੇ ਚਿਤਾਵਨੀ ਬੋਰਡ ਵੀ ਸਫ਼ੈਦ ਹਾਥੀ ਬਣੇ ਹੋਏ ਹਨ। ਸੜਕ 'ਤੇ ਖੜ੍ਹੇ ਹੋਣ ਵਾਲੇ ਵਾਹਨਾਂ ਨਾਲ ਕਈ ਲੋਕ ਜਾਨ ਗਵਾ ਚੁੱਕੇ ਹਨ ਪਰ ਪੁਲਿਸ ਡਵੀਜ਼ਨ ਨੰ. 5 ਤਹਿਤ ਆਉਂਦੇ ਇਸ ਇਲਾਕੇ 'ਚੋਂ ਇਨ੍ਹਾਂ ਵਾਹਨਾਂ ਨੂੰ ਹਟਾਉਣ 'ਚ ਪੁਲਿਸ ਫੇਲ੍ਹ ਸਾਬਤ ਹੋਈ ਹੈ। ਸੜਕ 'ਤੇ ਖੜ੍ਹੇ ਕੀਤੇ ਜਾਣ ਵਾਲੇ ਵਾਹਨਾਂ ਕਾਰਨ ਸ਼ਹਿਰ 'ਚ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਗ਼ਲਤ ਪਾਰਕਿੰਗ ਸ਼ਹਿਰ ਵਾਸੀਆਂ ਲਈ ਸਿਰਦਰਦੀ ਦਾ ਕਾਰਨ ਬਣ ਚੁੱਕੀ ਹੈ ਪਰ ਇਸ ਮਾਮਲੇ 'ਚ ਪੁਲਿਸ ਪ੍ਰਸ਼ਾਸਨ ਵੱਲੋਂ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਆਮ ਲੋਕਾਂ ਨੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸ਼ਹਿਰ 'ਚ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਵੱਲ ਵਿਸ਼ੇਸ਼ ਕਦਮ ਚੁੱਕੇ ਜਾਣ।

ਕੀ ਕਹਿਣਾ ਹੈ ਖੰਨਾ ਦੇ ਨਵ-ਨਿਯੁਕਤ ਐੱਸਐੱਸਪੀ ਦਾ

ਜੀਟੀ ਰੋਡ 'ਤੇ ਨੋ ਪਾਰਕਿੰਗ ਜ਼ੋਨ 'ਚ ਖੜ੍ਹਦੇ ਵਾਹਨਾਂ ਕਾਰਨ ਟ੍ਰੈਫਿਕ 'ਚ ਪੈਂਦੇ ਵਿਘਨ ਤੇ ਨਿਯਮਾਂ ਦੀ ਉਲੰਘਣਾ ਹੋਣ ਸਬੰਧੀ ਖੰਨਾ ਦੇ ਨਵ-ਨਿਯੁਕਤ ਐੱਸਐੱਸਪੀ ਧਰੁਵ ਦਾਹੀਆ ਦਾ ਕਹਿਣਾ ਹੈ ਕਿ ਸਬੰਧਤ ਇਲਾਕੇ ਦੇ ਟਰਾਂਸਪੋਰਟਰਾਂ ਤੇ ਟਰੱਕ ਡਰਾਈਵਰਾਂ ਨਾਲ ਖੰਨਾ ਪੁਲਿਸ ਵੱਲੋਂ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਸੜਕਾਂ 'ਤੇ ਵਾਹਨ ਖੜ੍ਹੇ ਨਾ ਕਰਨ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਟ੍ਰੈਫਿਕ ਵਿਵਸਥਾ ਸੁਧਾਰਨ ਸਬੰਧੀ ਅਮਲੋਹ ਚੌਕ ਤੋਂ ਲੈ ਕੇ ਜੀਟੀ ਰੋਡ ਦੇ ਵੱਖ-ਵੱਖ ਪੁਆਇੰਟਾਂ 'ਤੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਤਾਂ ਕਿ ਟ੍ਰੈਫਿਕ 'ਚ ਕੋਈ ਰੁਕਾਵਟ ਨਾ ਪੈਦਾ ਹੋਵੇ।

ਲੋਕ ਵੀ ਥੋੜ੍ਹਾ ਸਮਝ ਵਿਚਾਰ ਕਰਨ : ਐੱਸਐੱਚਓ

ਇਸ ਸਬੰਧੀ ਜਦੋਂ ਪੁਲਿਸ ਦਾ ਪੱਖ ਜਾਨਣ ਲਈ ਡਵੀਜ਼ਨ ਨੰ. 6 ਦੇ ਨਵ-ਨਿਯੁਕਤ ਐੱਸਐੱਚਓ ਸੁਖਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਲ ਜਾਂ ਸਬਜ਼ੀ ਖ਼ਰੀਦਣ ਵਾਲੇ ਕੁਝ ਸਮੇਂ ਲਈ ਸੜਕ ਵਿਚਾਲੇ ਹੀ ਗੱਡੀ ਲਾ ਦਿੰਦੇ ਹਨ, ਜਿਸ ਬਾਰੇ ਉਨ੍ਹਾਂ ਨੂੰ ਆਪ ਹੀ ਚਾਹੀਦਾ ਹੈ ਕਿ ਉਹ ਇਸ ਗੱਲ ਦਾ ਧਿਆਨ ਰੱਖਣ।

ਕੰਟਰੋਲ ਰੂਮ ਨੇ ਬਦਲ ਚੁੱਕੇ ਐੱਸਐੱਚਓ ਦਾ ਦਿੱਤਾ ਨੰਬਰ

ਜਦੋਂ ਥਾਣਾ ਭਾਰਗੋ ਕੈਂਪ ਨਾਲ ਸੰਪਰਕ ਕਰਨ ਲਈ ਕੰਟਰੋਲ ਰੂਮ ਤੋਂ ਸਬੰਧਤ ਐੱਸਐੱਚਓ ਦਾ ਨੰਬਰ ਮੰਗਿਆ ਗਿਆ ਤਾਂ ਉਨ੍ਹਾਂ ਐੱਸਐੱਚਓ ਬਲਵਿੰਦਰ ਸਿੰਘ ਦਾ ਹੀ ਨੰਬਰ ਦੇ ਦਿੱਤਾ, ਜਿਨ੍ਹਾਂ ਦੀ ਬਦਲੀ ਹੋ ਚੁੱਕੀ ਹੈ। ਇਸ ਤਰ੍ਹਾਂ ਕੰਟਰੋਲ ਰੂਮ ਤੋਂ ਜਾਣਕਾਰੀ ਪ੍ਰਰਾਪਤ ਕਰਨੀ ਵੀ ਪੁਲਿਸ ਦੇ ਕੰਮ 'ਤੇ ਸਵਾਲੀਆ ਨਿਸ਼ਾਨ ਹੈ।