ਜਤਿੰਦਰ ਪੰਮੀ, ਜਲੰਧਰ : ਵਿਸ਼ਵ ਪੰਜਾਬੀ ਕਾਨਫਰੰਸ 15 ਤੇ 16 ਅਕਤੂਬਰ ਨੂੰ ਟੋਰਾਂਟੋ ਦੇ ਮਿਸੀਸਾਗਾ ’ਚ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਪੰਜਾਬੀ ਕਾਨਫਰੰਸ ਟੋਰਾਂਟੋ ਦੇ ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਦੱਸਿਆ ਕਿ ਪਹਿਲਾਂ ਇਸ ਕਾਨਫਰੰਸ ਦੀਆ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਕਿਸੇ ਕਾਰਨ ਉਹ ਰੱਦ ਕਰ ਦਿੱਤੀਆਂ ਗਈਆਂ ਸਨ। ਬੀਤੇ ਦਿਨ ਵਿਸ਼ਵ ਪੰਜਾਬੀ ਕਾਨਫਰੰਸ ਟੋਰਾਂਟੋ ਦੇ ਅਹੁਦੇਦਾਰ ਚੇਅਰਮੈਨ ਗਿਆਨ ਸਿੰਘ ਕੰਗ, ਪ੍ਰਧਾਨ ਕਮਲਜੀਤ ਸਿੰਘ ਲਾਲੀ, ਪ੍ਰਿਥਪਾਲ ਸਿੰਘ ਚੱਗਰ ਸਰਪ੍ਰਸਤ, ਸੁਰਜੀਤ ਵਾਈਸ ਪ੍ਰਧਾਨ, ਪ੍ਰੋ. ਜਗੀਰ ਸਿੰਘ ਕਾਹਲੋਂ ਜਨਰਲ ਸਕੱਤਰ ਤੇ ਮੀਡੀਆ ਸਲਾਹਕਾਰ ਚਮਕੌਰ ਸਿੰਘ ਮਾਛੀਕੇ ਦੀ ਹੋਈ ਮੀਟਿੰਗ ’ਚ ਕਾਨਫਰੰਸ ਦੀਆ ਨਵੀਆ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੀਟਿੰਗ ’ਚ ਲਏ ਗਏ ਫ਼ੈਸਲੇ ਮੁਤਾਬਕ ਹੁਣ ਵਿਸ਼ਵ ਪੰਜਾਬੀ ਕਾਨਫਰੰਸ ਗਰੈਂਡ ਤਾਜ ਬੈਂਕੁਇਟ ਹਾਲ 6915 ਡਿਕਸੀ ਰੋਡ, ਮਿਸੀਸਾਗਾ ਯੂਨਿਟ-20 ਵਿਖੇ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਨਫਰੰਸ ਦਾ ਸ਼ੁਭ ਆਰੰਭ 15 ਅਕਤੂਬਰ ਨੂੰ ਸਵੇਰੇ 10 ਵਜੇ ਹੋਵੇਗਾ ਤੇ ਸ਼ਾਮ 6 ਵਜੇ ਤਕ ਚੱਲੇਗੀ। ਇਸੇ ਤਰ੍ਹਾਂ 16 ਅਕਤੂਬਰ ਨੂੰ ਦੂਜੇ ਦਿਨ ਵੀ ਇਸ ਦਾ ਆਗ਼ਾਜ਼ ਸਵੇਰੇ 10 ਵਜੇ ਹੋਵੇਗਾ ਤੇ ਸ਼ਾਮ 6 ਵਜੇ ਸਮਾਪਤੀ ਹੋਵੇਗੀ।

Posted By: Sandip Kaur