-

ਜਤਿੰਦਰ ਸ਼ਰਮਾ, ਟਾਂਡਾ : ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਟਾਂਡਾ ਵਿਖੇ 'ਵਰਲਡ ਲਾਫਟਰ ਡੇ' ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਦੇ ਦੌਰਾਨ ਚੁਟਕਲੇ, ਹਸਾਉਣ ਵਾਲੇ ਲਘੂ ਨਾਟਕ ਤੇ ਵਿਅੰਗ ਰਚਨਾਵਾਂ ਸੁਣਾਕੇ ਤੇ ਚਿਹਰਿਆਂ 'ਤੇ ਹਸਾਉਣ ਵਾਲੇ ਮਾਸਕ ਲਗਾ ਕੇ ਸਾਰਿਆਂ ਦੇ ਚਿਹਰਿਆਂ 'ਤੇ ਮੁਸਕੁਰਾਹਟ ਫੈਲਾਈ। ਸਕੂਲ ਪਿ੍ਰੰਸੀਪਲ ਸਤਵਿੰਦਰ ਕੌਰ ਦੀ ਅਗਵਾਈ 'ਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਡਾਇਰੈਕਟਰ ਇੰਦਰ ਕੁਮਾਰ ਸਾਹਨੀ ਨੇ ਇਸ ਮੌਕੇ ਸਾਰਿਆਂ ਨੂੰ ਖੁਸ਼ ਰਹਿਣ ਦੇ ਲਈ ਪ੍ਰੇਰਿਤ ਕਰਦਿਆਂ ਦੱਸਿਆ ਕਿ ਵਰਲਡ ਲਾਫਟਰ ਡੇ ਨੂੰ ਮਨਾਉਣ ਦੀਆਂ ਸ਼ੁਰੂਆਤ ਭਾਰਤ ਦੇ ਇਕ ਡਾਕਟਰ ਮਦਨ ਕਟਾਰੀਆ ਨੇ 1998 'ਚ ਕੀਤੀ ਸੀ। ਉਨ੍ਹਾਂ ਦੇ ਅਨੁਸਾਰ ਖੁਸ਼ ਰਹਿਣ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ। ਇਸ ਲਈ ਹਾਸੇ ਨੂੰ ਪੂਰੇ ਵਿਸ਼ਵ ਵਿੱਚ ਫੈਲਾਉਣਾ ਹੈ ਅਤੇ ਇਸ ਰਾਹੀਂ ਵਿਸ਼ਵ ਨੂੰ ਸ਼ਾਂਤੀ ਦਾ ਸੰਦੇਸ਼ ਦੇਣਾ ਹੈ।

ਇਸ ਮੌਕੇ ਅਧਿਆਪਕਾ ਅਮਰਜੀਤ ਕੌਰ, ਰਣਜੀਤ ਕੌਰ, ਬਲਜਿੰਦਰ ਕੌਰ ਤੇ ਪਰਮਜੀਤ ਕੌਰ ਨੇ ਵੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਰੋਜ਼ਾਨਾਂ ਜ਼ਿੰਦਗੀ 'ਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਦੂਰ ਰਹਿ ਕੇ ਖੁਸ਼ ਰਹਿਣ ਦੇ ਫ਼ੰਡੇ ਸਮਝਾਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਦਿਨਾਂ 'ਚ ਵੀ ਚਿੰਤ ਮੁਕਤ ਹੋ ਕੇ ਪ੍ਰੀਖਿਆ ਦੀ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਮੌਜੂਦ ਸੀ।