ਜਤਿੰਦਰ ਪੰਮੀ, ਜਲੰਧਰ

ਤੁਹਾਨੂੰ ਖੁਸ਼ ਰਹਿਣ ਲਈ ਦੂਜਿਆਂ ਦੀ ਅੱਖਾਂ 'ਚ ਜ਼ਿੰਦਗੀ ਨਹੀਂ ਤੱਕਣੀ ਚਾਹੀਦੀ। ਕਿਸੇ ਵੀ ਵਿਅਕਤੀ ਨੂੰ ਦੂਜਿਆਂ ਨਾਲ ਮੁਕਾਬਲਾ ਨਹੀਂ ਕਰਨਾ ਚਾਹੀਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਡਾ. ਦਵਿੰਦਰ ਸਿੰਘ ਨੇ ਡੀਏਵੀ ਯੂਨੀਵਰਸਿਟੀ 'ਚ ਸਾਈਕਲੋਜੀ ਤੇ ਐਜੂਕੇਸ਼ਨ ਵਿਭਾਗ ਵੱਲੋਂ ਸਾਈਕਲੋਜੀਕਲ ਡਿਸਆਰਡਰ ਵਿਸ਼ੇ 'ਤੇ ਕਰਵਾਈ ਜਾ ਰਹੀ ਦੋ ਦਿਨਾ ਕਾਨਫਰੰਸ ਤੇ ਵਰਕਸ਼ਾਪ ਦੇ ਪਹਿਲੇ ਦਿਨ ਸੰਬੋਧਨ ਕਰਦਿਆਂ ਕੀਤਾ। 'ਸੱਤ ਚੀਜ਼ਾਂ ਤੁਹਾਡੇ ਨਾਲ' ਵਿਸ਼ੇ 'ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹੋਰਨਾਂ ਨਾਲ ਮੁਕਾਬਲਾ ਕਰਨ ਦੀ ਬਜਾਏ ਸਮਾਜਿਕ ਵਿਵਹਾਰ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਇਸ ਵਰਕਸ਼ਾਪ ਦੌਰਾਨ ਵੱਖ-ਵੱਖ ਮਨੋਵਿਗਿਆਨਕ ਮਾਹਰਾਂ ਨੇ ਮਾਨਸਿਕ ਸਿਹਤ ਨੂੰ ਉਤਸ਼ਾਹਤ ਕਰਨ ਤੇ ਮਾਨਸਿਕ ਸਿਹਤ ਬਣਾਈ ਰੱਖਣ 'ਚ ਸਾਰਥਕ ਮਨੋਵਿਗਿਆਨ ਦੀ ਭੂਮਿਕਾ 'ਤੇ ਵਿਚਾਰ-ਚਰਚਾ ਕੀਤੀ। ਮਾਹਰਾਂ ਨੇ ਕਿਹਾ ਕਿ ਸਾਰਥਕ ਮਨੋਵਿਗਿਆਨ ਵਿਰੋਧੀ ਹਾਲਾਤ ਖ਼ਿਲਾਫ਼ ਸੰਘਰਸ਼ ਕਰਨ ਦੀ ਤਾਕਤ ਦਿੰਦਾ ਹੈ। ਵਰਕਸ਼ਾਪ ਦਾ ਉਦਘਾਟਨ ਮੁੱਖ ਮਹਿਮਾਨ ਪੀਜੀਆਈ ਐੱਮਈਆਰ ਚੰਡੀਗੜ੍ਹ 'ਚ ਸਾਈਕਲੋਜੀ ਦੇ ਪ੍ਰਰੋਫੈਸਰ ਡਾ. ਆਦਰਸ਼ ਕੋਹਲੀ ਨੇ ਸ਼ਮ੍ਹਾਂ ਰੋਸ਼ਨ ਕਰ ਕੇ ਕੀਤਾ ਜਦੋਂਕਿ ਮਨੋਵਿਗਿਆਨਕ ਮਾਹਰਾਂ ਦਾ ਸਵਾਗਤ ਡੀਨ ਸਟੂਡੈਂਟਸ ਵੈੱਲਫੇਅਰ ਤੇ ਮੁਖੀ ਸਾਈਕਲੋਜੀ ਵਿਭਾਗ ਡਾ. ਜਸਬੀਰ ਰਿਸ਼ੀ ਨੇ ਕੀਤਾ ਤੇ ਜ਼ਿੰਦਗੀ 'ਚ ਸਾਰਥਕ ਸਾਈਕੋਲਜੀ ਦੇ ਇਸਤੇਮਾਲ ਨਾਲ ਟ੍ਰਾਮੈਟਿਕ ਵਿਕਾਸ 'ਤੇ ਧਿਆਨ ਕੇਂਦਰਤ ਕਰਨ 'ਤੇ ਜ਼ੋਰ ਦਿੱਤਾ। ਯੂਨੀਵਰਸਿਟੀ ਦੇ ਵੀਸੀ ਪ੍ਰਰੋ. ਦੇਸ਼ਬੰਧੂ ਗੁਪਤਾ ਨੇ ਕਾਨਫਰੰਸ ਤੇ ਵਰਕਸ਼ਾਪ ਕਰਵਾਉਣ ਲਈ ਮਨੋਵਿਗਿਆਨ ਤੇ ਸਿੱਖਿਆ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿੱਦਿਅਕ ਪੇਸ਼ੇਵਰਾਂ ਦਾ ਉਦੇਸ਼ ਲੋਕਾਂ ਨੂੰ ਖੁਸ਼ੀ ਵੰਡਣਾ ਹੁੰਦਾ ਹੈ। ਡਿਫੈਂਸ ਇੰਸਟੀਚਿਊਟ ਆਫ ਸਾਈਕਲੋਜੀਕਲ ਰਿਸਰਚ 'ਚ ਮੈਂਟਲ ਹੈਲਥ ਵਿਭਾਗ ਦੇ ਮੁਖੀ ਡਾ. ਉਪਦੇਸ਼ ਕੁਮਾਰ ਨੇ ਸੁਰੱਖਿਆ ਬਲਾਂ 'ਚ ਸੋਸ਼ਲ ਵੈੱਲ ਬੀਇੰਗ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਦੇ ਮੁਲਾਜ਼ਮਾਂ ਵੱਲੋਂ ਖੁਦਕੁਸ਼ੀ ਕਰਨਾ ਤਣਾਅ ਦਾ ਨਾਂਹਪੱਖੀ ਪ੍ਰਭਾਵ ਦਰਸਾਉਂਦਾ ਹੈ। ਵਿਅਕਤੀਆਂ ਦੀ ਸਮੱਰਥਾਵਾਂ ਨੂੰ ਮਹਿਸੂਸ ਕਰਨ ਦੀ ਪ੍ਰਰੇਰਨਾ ਉਨ੍ਹਾਂ ਨੂੰ ਤਣਾਅ ਨਾਲ ਨਜਿੱਠਣ 'ਚ ਮਦਦ ਕਰਦੀ ਹੈ। 'ਚੰਗਾ ਲੱਗ ਰਿਹਾ ਹੈ' ਤੇ 'ਚੰਗੀ ਤਰ੍ਹਾਂ ਕੰਮ ਕਰਨਾ' ਜ਼ਿੰਦਗੀ 'ਚ ਕਿਸੇ ਵੀ ਅੜਿੱਕੇ ਨੂੰ ਦੂਰ ਕਰਨ 'ਚ ਮਦਦ ਕਰ ਸਕਦਾ ਹੈ। ਕੌਮਾਂਤਰੀ ਪ੍ਰਸਿੱਧੀ ਪ੍ਰਰਾਪਤ ਮਨੋਵਿਗਿਆਨੀ ਡਾ. ਸ਼੍ਰੇਆ ਪਾਹਵਾ ਨੇ ਕਿਹਾ ਕਿ ਚਿੰਤਾ, ਦਬਾਅ, ਪਰਿਵਾਰਕ ਸੰਘਰਸ਼, ਸਦਮਾ ਤੇ ਅੱਤਵਾਦੀ ਹਮਲਿਆਂ ਸਮੇਤ ਵੱਖ-ਵੱਖ ਨਿੱਜੀ ਤੇ ਮਨੋਵਿਗਿਆਨਕ ਸਮੱਸਿਆਵਾਂ ਵੱਖੋ-ਵੱਖਰੇ ਉਮਰ ਵਰਗ ਦੇ ਲੋਕਾਂ 'ਤੇ ਵਿਰੋਧੀ ਪ੍ਰਭਾਵ ਪਾ ਰਹੀਆਂ ਹਨ। ਉਨ੍ਹਾਂ ਨੇ ਦੂਜਿਆਂ ਦੀ ਅਸਹਿਮਤੀ ਤੇ ਰਾਏ ਨਾਲ ਨਜਿੱਠਣ ਬਾਰੇ ਅਤੇ ਸਕੂਲ ਪੱਧਰ 'ਤੇ ਬੱਚਿਆਂ ਦੀ ਮਦਦ ਕਰਨ ਲਈ ਬਚਾਅ ਤੇ ਭਾਵਨਾਤਮਕ ਸਿੱਖਿਆ ਪ੍ਰਰੋਗਰਾਮ ਸ਼ੁਰੂ ਕਰਨ ਦਾ ਵੀ ਸੁਝਾਅ ਦਿੱਤਾ। ਵਰਕਸ਼ਾਪ ਦੇ ਵੱਖ-ਵੱਖ ਤਕਨੀਕੀ ਸੈਸ਼ਨਾਂ ਦੀ ਪ੍ਰਧਾਨਗੀ ਪੁਲਿਸ ਡੀਏਵੀ ਪਬਲਿਕ ਸਕੂਲ ਦੀ ਪਿ੍ਰੰਸੀਪਲ ਡਾ. ਰਸ਼ਮੀ ਵਿਜ, ਏਪੀਜੀ ਕਾਲਜ ਦੀ ਮਨੋਵਿਗਿਆਨ ਵਿਭਾਗ ਦੀ ਮੁਖੀ ਡਾ. ਮੋਨਿਕਾ ਸੇਖੋਂ, ਐੱਚਐੱਮਵੀ ਕਾਲਜ ਦੀ ਮਨੋਵਿਗਿਆਨ ਵਿਭਾਗ ਦੀ ਮੁਖੀ ਡਾ. ਆਸ਼ਮੀਨ, ਡੀਏਵੀ ਸਕੂਲ ਨਵਾਂਸ਼ਹਿਰ ਦੀ ਪਿ੍ਰੰਸੀਪਲ ਡਾ. ਸੋਨਾਲੀ, ਕਮਲਾ ਨਹਿਰੂ ਕਾਲਜ ਫਗਵਾੜਾ ਤੋਂ ਡਾ. ਨੀਤੀ ਤੇ ਸਰਕਾਰੀ ਕਾਲਜ ਫਗਵਾੜਾ ਤੋਂ ਡਾ. ਵਿਕਰਮ ਨੇ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੁਸ਼ਮਾ ਆਰੀਆ ਤੇ ਫੈਕਲਟੀ ਮੈਂਬਰ ਹਾਜ਼ਰ ਸਨ।