ਜਤਿੰਦਰ ਪੰਮੀ, ਜਲੰਧਰ

8 ਮਾਰਚ ਨੂੰ ਵਿਸ਼ਵ ਭਰ 'ਚ ਕੌਮਾਂਤਰੀ ਪੱਧਰ 'ਤੇ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਹਾੜਾ ਅੌਰਤਾਂ ਨੂੰ ਸਮਾਜ 'ਚ ਬਰਾਬਰ ਦੇ ਹੱਕ ਦਿਵਾਉਣ ਅਤੇ ਉਨ੍ਹਾਂ ਉਪਰ ਹੋਣ ਵਾਲੇ ਜ਼ੁਲਮਾਂ ਤੋਂ ਛੁਟਕਾਰਾ ਦਿਵਾਉਣ ਲਈ ਮਨਾਇਆ ਜਾਂਦਾ ਹੈ। ਪੁਰਾਣੇ ਸਮਿਆਂ 'ਚ ਅੌਰਤਾਂ ਨੂੰ ਘਰ ਦੀ ਚਾਰ-ਦੀਵਾਰੀ ਦੇ ਅੰਦਰ ਰੱਖਿਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਕੰਮ ਕਰਨ, ਵਿਚਾਰ ਪ੍ਰਗਟ ਕਰਨ ਜਾਂ ਹੋਰ ਕੋਈ ਵੀ ਬਰਾਬਰੀ ਦਾ ਅਧਿਕਾਰ ਨਹੀਂ ਸੀ। ਮੌਜੂਦਾ ਸਮੇਂ ਅੌਰਤਾਂ ਹਰ ਖੇਤਰ 'ਚ ਮੋਹਰੀ ਹੋ ਕੇ ਕੰਮ ਕਰ ਰਹੀਆਂ ਹਨ ਅਤੇ ਉਹ ਘਰ ਦੀ ਸਾਂਭ-ਸੰਭਾਲ ਕਰਨ ਤੋਂ ਲੈ ਕੇ ਹਰ ਪੇਸ਼ੇ ਤੇ ਹਰ ਖੇਤਰ 'ਚ ਸਰਗਰਮ ਹੋ ਕੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ। ਇਸ ਦੇ ਬਾਵਜੂਦ ਆਧੁਨਿਕ ਸਮਾਜ 'ਚ ਅੌਰਤਾਂ ਹਾਲੇ ਵੀ ਕਈ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸ਼ੋਸ਼ਣ ਸਹਿਣਾ ਪੈਂਦਾ ਹੈ। ਪੇਸ਼ ਹਨ ਕੌਮਾਂਤਰੀ ਮਹਿਲਾ ਦਿਵਸ ਸਬੰਧੀ ਸਮਾਜ ਦੀਆਂ ਕੁਝ ਸੂਝਵਾਨ ਅੌਰਤਾਂ ਨਾਲ ਅੌਰਤ ਦੀ ਸਥਿਤੀ ਬਾਰੇ ਕੀਤੀ ਗਈ ਵਿਚਾਰ-ਚਰਚਾ ਦੇ ਅੰਸ਼।

ਅੰਤਰਰਾਸ਼ਟਰੀ ਨਾਰੀ ਦਿਵਸ 'ਤੇ ਦੁਨੀਆ ਦੀ ਹਰ ਅੌਰਤ ਨੂੰ ਸਲਾਮ ਜੋ ਆਪਣੇ ਹੱਕਾਂ ਤੇ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੈ। ਫਿਰ ਵੀ ਹਾਲੇ ਅੌਰਤਾਂ ਨੂੰ ਆਪਣੇ ਹਕੂਕ ਤੇ ਬਰਾਬਰ ਦਾ ਦਰਜਾ ਹਾਸਲ ਕਰਨ ਲਈ ਸੰਘਰਸ਼ ਕਰਨ ਦੀ ਲੋੜ ਹੈ ਅਤੇ ਇਹ ਹੱਕ ਵਿੱਦਿਆ ਪ੍ਰਰਾਪਤੀ ਤੇ ਗਿਆਨ ਦੀ ਜੋਤ ਨਾਲ ਹਾਸਲ ਕੀਤੇ ਜਾ ਸਕਦੇ ਹਨ। ਇਸ ਲਈ ਆਓ ਦੁਨੀਆ ਦੀ ਅੱਧੀ ਵਸੋਂ ਅੌਰਤ ਨੂੰ ਸਸ਼ਕਤ ਕਰਨ ਲਈ ਆਪਣੀਆਂ ਧੀਆਂ ਦੇ ਹੱਥ ਕਲਮ ਫੜਾਈਏ ਤਾਂ ਜੋ ਉਹ ਆਪਣੀ ਤਕਦੀਰ ਆਪ ਲਿਖ ਸਕਣ ਦੇ ਸਮਰੱਥ ਹੋਣ।

ਡਾ. ਨਵਜੋਤ

ਪਿ੍ਰੰਸੀਪਲ. ਖਾਲਸਾ ਕਾਲਜ ਫਾਰ ਵਿਮਨ

ਅੱਜ ਦੀ ਨਾਰੀ ਨੇ ਹਰ ਖੇਤਰ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਵੋਟ ਦੇ ਅਧਿਕਾਰ ਲੈਣ ਦੇ ਸੰਘਰਸ ਤੋਂ ਲੈ ਕੇ ਮਹਿਲਾ ਦਿਵਸ ਦਾ ਚੱਲਿਆ ਇਤਿਹਾਸ ਅੱਜ ਮਹਿਲਾਵਾਂ ਦੀਆਂ ਅਨੇਕਾਂ ਚੁਨੌਤੀਆਂ ਤੇ ਸੰਭਾਵਨਾਵਾਂ ਭਰਪੂਰ ਹੈ। ਅੌਰਤਾਂ ਨੇ ਬਹੁਤ ਸਾਰੀਆਂ ਮੰਜ਼ਿਲਾਂ ਸਰ ਕਰ ਲਈਆਂ ਸਨ ਪਰ ਨਾਰੀ ਸ਼ਕਤੀ, ਨਾਰੀ ਆਜ਼ਾਦੀ ਦੇ ਅਰਥਾਂ ਨੂੰ ਸਮਝਣ ਲਈ ਉਨ੍ਹਾਂ ਨੂੰ ਆਤਮ ਚਿੰਤਨ ਤੇ ਚੇਤਨਾ ਦੀ ਲੋੜ ਹੈ। ਨਵੀਂ ਪੀੜ੍ਹੀ ਦੀਆਂ ਵਿਦਿਅਰਥਣਾਂ ਤੋਂ ਵੀ ਉਮੀਦ ਕਰਦੀ ਹਾਂ ਕਿ ਉਹ ਆਪਣੇ ਫਰਜ਼ਾਂ ਤੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣਗੀਆਂ।

ਪ੍ਰਰੋ. ਅਜੇ ਸਰੀਨ

ਪਿ੍ਰੰਸੀਪਲ ਐੱਚਐੱਮਵੀ

ਕੋਵਿਡ-19 ਮਹਾਮਾਰੀ ਵਿਰੁੱਧ ਜੰਗ 'ਚ ਲੋਕਾਂ ਦੀ ਜਾਨ-ਮਾਲ ਤੇ ਦੇਸ਼ ਦੀ ਅਰਥਵਿਵਸਥਾ ਨੂੰ ਬਚਾਉਣ 'ਚ ਅੌਰਤਾਂ ਦਾ ਵੱਡਾ ਰੋਲ ਹੈ। ਮਹਿਲਾ ਲੀਡਰ ਆਪਣੇ ਦੇਸ਼ 'ਚ ਕੋਰੋਨਾ ਮਹਾਮਾਰੀ ਤੇ ਅਰਥਵਿਵਸਥਾ ਨੂੰ ਕਾਬੂ 'ਚ ਰੱਖਣ ਵਿਚ ਜ਼ਿਆਦਾ ਕਾਮਯਾਬ ਰਹੀਆਂ ਹਨ। ਜਿੱਥੇ ਵੀ ਅੌਰਤ ਅਗਵਾਈ ਕਰਦੀ ਹੈ ਤਾਂ ਉਥੇ ਸਮਾਜਿਕ ਸੁਰੱਖਿਆ ਤੇ ਗਰੀਬੀ ਦੂਰ ਕਰਨ 'ਤੇ ਜ਼ਿਆਦਾ ਕੰਮ ਹੁੰਦਾ ਹੈ ਅਤੇ ਵਾਤਾਵਰਨ ਬਚਾਉਣ ਲਈ ਸਖ਼ਤ ਫੈਸਲੇ ਲਏ ਜਾਂਦੇ ਹਨ। ਗੱਲਬਾਤ ਦੀ ਮੇਜ਼ 'ਤੇ ਅੌਰਤਾਂ ਹੋਣ ਤਾਂ ਫੈਸਲੇ ਜ਼ਿਆਦਾ ਪ੍ਰਭਾਵੀ ਤੇ ਅਮਲੀ ਹੁੰਦੇ ਹਨ। ਇਹ ਸਮਾਂ ਹੈ ਕਿ ਹਰੇਕ ਲਈ ਬਰਾਬਰੀ ਦਾ ਅਧਿਕਾਰ ਤੇ ਬਰਾਬਰ ਭਵਿੱਖ ਲਈ ਕੰਮ ਕੀਤਾ ਜਾਵੇ।

ਡਾ. ਵਰਿੰਦਰ ਕੌਰ ਥਿੰਦ,

ਸਹਾਇਕ ਸਿਵਲ ਸਰਜਨ

ਆਧੁਨਿਕ ਯੁੱਗ ਦੀ ਅੌਰਤ ਪੜ੍ਹੀ-ਲਿਖੀ ਤੇ ਸੂਝਵਾਨ ਹੈ, ਉਹ ਹਰ ਖੇਤਰ 'ਚ ਪੁਰਸ਼ਾਂ ਦੇ ਬਰਾਬਰ ਯੋਗਦਾਨ ਪਾ ਰਹੀ ਹੈ। ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਤੋਂ ਲੈ ਕੇ ਦੇਸ਼ ਦੇ ਆਰਥਿਕ, ਸਮਾਜਿਕ ਤੇ ਸਿਆਸੀ ਖੇਤਰ 'ਚ ਅਹਿਮ ਯੋਗਦਾਨ ਪਾ ਰਹੀ ਹੈ। ਵਿੱਦਿਆ ਅੌਰਤ ਦਾ ਸਭ ਤੋਂ ਵੱਡਾ ਗਹਿਣਾ ਹੈ ਕਿਉਂਕਿ ਪੜ੍ਹੀ ਲਿਖੀ ਅੌਰਤ ਹੀ ਆਪਣੇ ਪਰਿਵਾਰ ਦੇ ਨਾਲ਼-ਨਾਲ਼ ਸਮਾਜ ਨੂੰ ਸਿੱਖਿਅਤ ਕਰ ਸਕਦੀ ਹੈ। ਅੌਰਤਾਂ ਨੂੰ ਸਿੱਖਿਅਤ ਕਰਨ ਲਈ ਬਿਨਾਂ ਸ਼ੱਕ ਅੱਜ ਥਾਂ-ਥਾਂ ਵਿੱਦਿਅਕ ਅਦਾਰੇ ਖੁੱਲ੍ਹ ਚੁੱਕੇ ਹਨ ਪਰ ਫਿਰ ਕੁਝ ਕੁੜੀਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਉੱਚ ਵਿੱਦਿਆ ਨਹੀਂ ਮਿਲਦੀ। ਇਸ ਲਈ ਧੀਆਂ ਨੂੰ ਸਿੱਖਿਅਤ ਕਰਨ ਲਈ ਮਾਪਿਆਂ ਦੇ ਨਾਲ ਹੀ ਸਰਕਾਰਾਂ ਵੱਲੋਂ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ।

ਡਾ. ਅਤਿਮਾ ਸ਼ਰਮਾ ਦਿਵੇਦੀ,

ਪਿ੍ਰੰਸੀਪਲ, ਕੇਐੱਮਵੀ

ਅੱਜ ਦੀ ਅੌਰਤ ਆਪਣੇ ਹੱਕਾਂ ਪ੍ਰਤੀ ਕਾਫੀ ਜਾਗਰੂਕ ਹੋ ਚੁੱਕੀ ਹੈ ਅਤੇ ਉਹ ਫੈਸਲੇ ਆਪ ਲੈਣ ਦੇ ਸਮਰੱਥ ਹੈ। ਪੜ੍ਹੀ-ਲਿਖੀ ਅੌਰਤ ਸਮਾਜ ਨੂੰ ਨਵੀਂ ਸੇਧ ਦੇਣ 'ਚ ਅਹਿਮ ਯੋਗਦਾਨ ਪਾ ਸਕਦੀ ਹੈ ਪਰ ਹਾਲੇ ਬਹੁਤ ਸਾਰੀਆਂ ਕੁੜੀਆਂ ਤੇ ਅੌਰਤਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਕੁਝ ਵੀ ਕਰਨ ਦਾ ਅਧਿਕਾਰ ਨਹੀਂ ਹੈ। ਪੇਂਡੂ ਖੇਤਰਾਂ 'ਚ ਹਾਲੇ ਵੀ ਕੁੜੀਆਂ ਨੂੰ ਉੱਚ ਵਿੱਦਿਆ ਨਹੀਂ ਦਿਵਾਈ ਜਾਂਦੀ ਕਿਉਂਕਿ ਉਨ੍ਹਾਂ ਦਾ ਦੂਰ-ਦੁਰਾਡੇ ਜਾ ਕੇ ਵਿੱਦਿਆ ਹਾਸਲ ਕਰਨਾ ਸੁਰੱਖਿਅਤ ਨਹੀਂ ਮੰਨਿਆ ਜਾਂਦਾ ਹੈ। ਇਸ ਲਈ ਸਾਨੂੰ ਅਜਿਹੇ ਸਮਾਜ ਦੀ ਸਿਰਜਣਾ ਕਰਨ ਦੀ ਲੋੜ ਹੈ, ਜਿਥੇ ਕੁੜੀਆਂ ਆਪਣੇ-ਆਪ ਨੂੰ ਸੁਰੱਖਿਅਤ ਸਮਝਣ ਅਤੇ ਉਨ੍ਹਾਂ ਦੇ ਮਾਪੇ ਵੀ ਆਪਣੀਆਂ ਧੀਆਂ ਨੂੰ ਬਿਨਾਂ ਕਿਸੇ ਡਰ ਦੇ ਘਰੋਂ ਬਾਹਰ ਭੇਜ ਸਕਣ। ਇਸ ਲਈ ਮੁੰਡਿਆਂ ਨੂੰ ਵੀ ਅੌਰਤਾਂ ਦੀ ਇੱਜ਼ਤ ਕਰਨਾ ਸਿਖਾਉਣ ਦੀ ਲੋੜ ਹੈ।

-ਮਨਜੀਤ ਕੌਰ

ਐੱਸਪੀ, ਜ਼ਿਲ੍ਹਾ ਦਿਹਾਤੀ ਪੁਲਿਸ

ਅੌਰਤਾਂ ਨੂੰ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਤੇ ਆਪਣੀ ਲੜਾਈ ਖੁਦ ਲੜਨ ਚਾਹੀਦੀ ਹੈ। ਅੱਜ ਦੀ ਅੌਰਤ ਪੜ੍ਹੀ-ਲਿਖੀ ਤੇ ਸੂਝਵਾਨ ਹੈ ਅਤੇ ਉਹ ਹਰ ਖੇਤਰ 'ਚ ਸਰਗਰਮ ਹੋ ਕੇ ਕੰਮ ਕਰ ਰਹੀ ਹੈ। ਅਜਿਹਾ ਕੋਈ ਖੇਤਰ ਨਹੀਂ ਹੈ ਜਿੱਥੇ ਅੌਰਤ ਕੰਮ ਨਾ ਕਰਦੀ ਹੈ, ਚਾਹੇ ਸਿਹਤ, ਸਿੱਖਿਆ, ਪ੍ਰਸ਼ਾਸਨਿਕ, ਪੁਲਿਸ, ਫੌਜ ਤੇ ਪੁਲਾੜ ਦਾ ਹੀ ਕਿਉਂ ਨਾ ਹੋਵੇ। ਅੌਰਤਾਂ ਨੇ ਸਿਆਸਤ 'ਚ ਵੀ ਆਪਣਾ ਨਾਮ ਕਮਾਇਆ ਹੈ ਅਤੇ ਬਹੁਤ ਸਾਰੀਆਂ ਅੌਰਤਾਂ ਦੇਸ਼ ਚਲਾ ਰਹੀਆਂ ਹਨ। ਇਸ ਲਈ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਘੱਟ ਨਹੀਂ ਸਮਝਣਾ ਚਾਹੀਦਾ ਕਿਉਂਕਿ ਉਹ ਸੂਝਬੂਝ ਨਾਲ ਫੈਸਲੇ ਲੈਣ ਦੇ ਸਮਰੱਥ ਬਣ ਚੁੱਕੀ ਹੈ ਅਤੇ ਸਮਾਜ ਨੂੰ ਸਹੀ ਸੇਧ ਦੇਣ 'ਚ ਅੌਰਤਾਂ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ।

ਰਮਨਪ੍ਰਰੀਤ ਕੌਰ,

ਸਮਾਜ ਸੇਵਕਾ

ਕਿਸੇ ਵੀ ਪਰਿਵਾਰ, ਸਮਾਜ ਤੇ ਦੇਸ਼ ਦੀ ਤਰੱਕੀ 'ਚ ਅੌਰਤਾਂ ਦਾ ਵਿਸ਼ੇਸ਼ ਯੋਗਦਾਨ ਹੈ। ਸਵਾਮੀ ਵਿਵੇਕਾਨੰਦ ਨੇ ਇਹ ਵੀ ਕਿਹਾ ਕਿ ਕਿਸੇ ਰਾਸ਼ਟਰ ਦੀ ਤਰੱਕੀ ਦਾ ਥਰਮਾਮੀਟਰ ਅੌਰਤ ਦਾ ਹੁੰਦਾ ਹੈ। ਜੇ ਇਕ ਪਰਿਵਾਰ 'ਚ ਕੁੜੀ ਨੂੰ ਪੜ੍ਹਾਇਆ ਜਾਂਦਾ ਹੈ ਤਾਂ ਪੂਰਾ ਪਰਿਵਾਰ ਸਿੱਖਿਅਤ ਹੋ ਜਾਂਦਾ ਹੈ। ਅੌਰਤ ਦੀ ਕਿਸੇ ਵੀ ਬੱਚੇ ਨੂੰ ਸਮਾਜ 'ਚ ਯੋਗ ਅਤੇ ਸਵੈ-ਨਿਰਭਰ ਬਣਾਉਣ 'ਚ ਵਿਸ਼ੇਸ਼ ਮਹੱਤਤਾ ਹੁੰਦੀ ਹੈ। ਜੇ ਅਸੀਂ ਆਪਣੇ ਇਤਿਹਾਸ ਨੂੰ ਵੇਖੀਏ ਤਾਂ ਹਰੇਕ ਖੇਤਰ 'ਚ ਅੌਰਤ ਨੇ ਵੀ ਮਰਦਾਂ ਜਿੰਨਾ ਯੋਗਦਾਨ ਦਿੱਤਾ ਹੈ। ਭਾਵੇਂ ਇਹ ਸਾਡਾ ਸੁਤੰਤਰਤਾ ਸੰਘਰਸ਼ ਸੀ ਜਾਂ ਸਮਾਜ ਸੁਧਾਰ ਦੇ ਹੋਰ ਕੰਮ। ਅੌਰਤ ਪ੍ਰਬੰਧਕ, ਪਤਨੀ, ਮਾਂ, ਸਮਾਜ ਸੇਵਕ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਨੀਰੂ ਨਈਅਰ,

ਪਿ੍ਰੰਸੀਪਲ ਸ਼ਿਵ ਜੋਤੀ ਸਕੂਲ

ਪੁੱਤਰ ਤੇ ਧੀਆਂ ਬਰਾਬਰ ਹੁੰਦ ਹਨ, ਜੇ ਪੁੱਤਰ ਭਾਗ ਹਨ ਤਾਂ ਧੀਆਂ ਅੌਲਾਦ ਹਨ। ਜੇ ਬੇਟਾ ਆਣ ਹੈ ਤਾਂ ਧੀ ਸ਼ਾਨ ਹੈ। ਅੌਰਤ ਆਪਣੇ ਜਨਮ ਤੋਂ ਲੈ ਕੇ ਮੌਤ ਤਕ ਮਹੱਤਵਪੂਰਨ ਕਿਰਦਾਰ ਨਿਭਾਉਂਦੀ ਹੈ ਜੋ ਇਕ ਧੀ, ਭੈਣ, ਪਤਨੀ ਤੇ ਮਾਂ ਦਾ ਫਰਜ਼ ਅਦਾ ਕਰਦੀ ਹੈ। ਭਾਰਤ 'ਚ ਅੌਰਤ ਨੂੰ ਦੇਵੀ ਦਾ ਰੂਪ ਮੰਨਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਅੱਜ ਵੀ ਧੀਆਂ ਨੂੰ ਗਰਭ 'ਚ ਮਾਰ ਦਿੱਤਾ ਜਾਂਦਾ ਹੈ ਤਾਂ ਜਨਮ ਤੋਂ ਬਾਅਦ ਸੜਕਾਂ ਕੰਢੇ ਤੇ ਕੂੜੇਦਾਨਾਂ ਵਿਚ ਸੁੱਟ ਦਿੱਤਾ ਜਾਂਦਾ ਹੈ। ਦਾਜ ਦੇ ਲਾਲਚ 'ਚ ਲੜਕੀਆਂ ਨਾਲ ਘਰੇਲੂ ਹਿੰਸਾ ਹੁੰਦੀ ਹੈ। ਉਨ੍ਹਾਂ ਨੂੰ ਤਸੀਹੇ ਦਿੱਤੇ ਜਾਂਦੇ ਹਨ ਅਤੇ ਜ਼ਿੰਦਾ ਸਾੜ ਦਿੱਤਾ ਜਾਂਦਾ ਹੈ। ਬਲਾਤਕਾਰ , ਤੇਜ਼ਾਬੀ ਹਮਲੇ ਵਰਗੀਆਂ ਘਟਨਾਵਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੀਆਂ ਹਨ।

ਦੀਪਾਲੀ ਬਾਗੜੀਆ

ਸਮਾਜ ਸੇਵਕਾ ਤੇ ਸਿਆਸਤਦਾਨ