ਪੱਤਰ ਪੇ੍ਰਰਕ, ਸ਼ਾਹਕੋਟ : ਮਾਈਕ੍ਰੋ ਫਾਇਨਾਂਸ ਕੰਪਨੀ ਦੇ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋਈਆਂ ਅੌਰਤਾਂ ਨੇ ਇਸਤਰੀ ਜਾਗਿ੍ਤੀ ਮੰਚ ਦੀ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ ਨੂੰ ਨਾਲ ਲੈ ਕੇ ਡੀਐੱਸਪੀ ਸ਼ਾਹਕੋਟ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੂੰ ਮਿਲ ਕੇ ਠੱਗੀ ਮਾਰਨ ਵਾਲੀ ਏਜੰਟ ਤੇ ਉਸ ਦੇ ਸਾਥੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਗੱਲਬਾਤ ਕਰਦਿਆਂ ਪੀੜਤ ਅੌਰਤਾਂ ਨੇ ਕਿਹਾ ਕਿ ਪਿੰਡ ਬੁਲੰਦਾ 'ਚ ਮਾਈਕ੍ਰੋ ਫਾਇਨਾਂਸ ਕੰਪਨੀ ਦੇ ਏਜੰਟਾਂ ਨੇ ਪਿੰਡ ਦੀ ਹੀ ਇਕ ਅੌਰਤ ਨੂੰ ਮੂਹਰੇ ਲਾ ਕੇ ਉਨ੍ਹਾਂ ਨਾਲ ਲੱਖਾਂ ਦੀ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਬੁਲੰਦਾ ਦੀ ਅੌਰਤ ਕੰਪਨੀ ਦੀ ਏਜੰਟ ਵਜੋਂ ਕੰਮ ਕਰ ਕੇ ਅੌਰਤਾਂ ਨੂੰ ਕਰਜ਼ੇ ਦਿਵਾਉਣ ਦਾ ਕੰਮ ਕਰਦੀ ਹੈ। ਉਨ੍ਹਾਂ ਨੇ ਖੇਤ ਮਜ਼ਦੂਰੀ ਤੇ ਨਰੇਗਾ ਦਾ ਕੰਮ ਕਰ ਕੇ ਆਪਣੀਆਂ ਕਿਸ਼ਤਾਂ ਦਿੱਤੀਆਂ ਪਰ ਉਸ ਨੇ ਕੋਈ ਰਸੀਦ ਨਹੀਂ ਦਿੱਤੀ। ਏਜੰਟ ਨੇ ਕ੍ਰਿਸ਼ਨਾ ਨਾਂ ਦੀ ਅੌਰਤ 'ਤੇ ਕਰਜ਼ਾ ਲੈ ਕੇ ਖੁਦ ਹੀ ਹੜੱਪ ਲਿਆ ਤੇ ਹੁਣ ਉਸ ਨੂੰ ਵੀ ਕਿਸ਼ਤਾਂ ਦੇਣ ਲਈ ਤੰਗ ਕਰ ਰਹੀ ਹੈ। ਪੀੜਤ ਅੌਰਤਾਂ ਨੇ ਦੱਸਿਆ ਕਿ ਕੰਪਨੀ ਦੇ ਏਜੰਟ ਸਾਡੇ ਘਰਾਂ 'ਚ ਜਬਰੀ ਦਾਖਲ ਹੋ ਕੇ ਸਾਮਾਨ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਥਾਣੇ 'ਚ ਏਜੰਟ ਨੇ ਪਾਗਲ ਹੋਣ ਦਾ ਨਾਟਕ ਕੀਤਾ ਜਿਸ ਕਾਰਨ ਪੁਲਿਸ ਨੇ ਸਾਨੂੰ ਅਦਾਲਤ 'ਚ ਜਾਣ ਦੀ ਨਸੀਹਤ ਦਿੱਤੀ। ਇਸਤਰੀ ਜਾਗਿ੍ਤੀ ਮੰਚ ਦੀ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ ਨੇ ਕਿਹਾ ਕਿ ਜੇ ਪੁਲਿਸ ਨੇ ਪੀੜਤਾਂ ਨੂੰ ਕੋਈ ਇਨਸਾਫ ਨਾ ਦਿਵਾਇਆ ਤਾਂ ਲੁੱਟ ਕਰ ਰਹੇ ਏਜੰਟਾਂ ਵਿਰੁੱਧ ਸਿੱਧੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਵੇਗਾ।

ਡੀਐੱਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਸਤਰੀ ਜਾਗਿ੍ਤੀ ਮੰਚ ਵੱਲੋਂ ਉਨ੍ਹਾਂ ਨੂੰ ਦਰਖਾਸਤ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇਗੀ। ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।