ਕਰਾਈਮ ਰਿਪੋਰਟਰ, ਜਲੰਧਰ : ਕੈਨੇਡਾ ਭੇਜਣ ਦੇ ਨਾਂਅ ਤੇ ਕਈ ਲੋਕਾਂ ਨੂੰ ਠੱਗਣ ਵਾਲੀ ਅੌਰਤ ਖਿਲਾਫ਼ ਆਖਰ ਠੱਗੀ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਅਸ਼ਵਨੀ ਕੁਮਾਰ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੇ ਥਾਣਾ 6 ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਕੈਨੇਡਾ ਜਾਣ ਲਈ ਸਾਕਸ਼ੀ ਨਾਂ ਦੀ ਅੌਰਤ ਨਾਲ ਗੱਲਬਾਤ ਕੀਤੀ। ਮਾਮਲਾ ਸਾਢੇ ਛੇ ਲੱਖ ਵਿਚ ਤੈਅ ਹੋ ਗਿਆ। ਸਾਕਸ਼ੀ ਨੇ ਉਸ ਕੋਲੋਂ ਵੀਹ ਹਜ਼ਾਰ ਰੁਪਏ ਅਤੇ ਪਾਸਪੋਰਟ ਮੰਗਿਆ ਅਤੇ ਕਿਹਾ ਕਿ ਬਾਕੀ ਪੈਸੇ ਉਹ ਕੈਨੇਡਾ ਜਾ ਕੇ ਦੇ ਦੇਵੇ। ਵੀਹ ਹਜ਼ਾਰ ਅਤੇ ਪਾਸਪੋਰਟ ਲੈਣ ਤੋਂ ਬਾਅਦ ਸਾਕਸ਼ੀ ਨੇ ਉਸ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਤੇ ਨਾ ਹੀ ਉਸ ਨੂੰ ਕੈਨੇਡਾ ਭੇਜਿਆ। ਜਦ ਵੀ ਸਾਕਸ਼ੀ ਕੋਲੋਂ ਪੁੱਿਛਆ ਜਾਂਦਾ ਤਾਂ ਉਹ ਟਾਲ ਮਟੋਲ ਕਰਦੀ ਰਹੀ। ਉਸ ਨੂੰ ਪਤਾ ਲੱਗਿਆ ਕਿ ਸਾਕਸ਼ੀ ਨੇ ਇਸ ਤੋਂ ਪਹਿਲਾਂ ਵੀ ਸੁਖਜਿੰਦਰ ਸਿੰਘ, ਬਲਕਾਰ ਸਿੰਘ, ਯਸ਼ ਮਹਿਰਾ, ਸ਼ਿਵਮ, ਅਮਰੀਕ ਸਿੰਘ ਸਮੇਤ ਕਈ ਲੋਕਾਂ ਕੋਲੋਂ ਕੈਨੇਡਾ ਭੇਜਣ ਦੇ ਨਾਂ 'ਤੇ ਦਸ ਹਜ਼ਾਰ ਤੋਂ ਲੈ ਕੇ ਤੀਹ ਹਜ਼ਾਰ ਰੁਪਏ ਤਕ ਦੀ ਠੱਗੀ ਕੀਤੀ ਹੈ। ਇਸ 'ਤੇ ਉਸ ਨੇ ਪੁਲਿਸ ਕਮਿਸ਼ਨਰ ਨੂੰ ਸਾਕਸ਼ੀ ਖਿਲਾਫ ਸ਼ਿਕਾਇਤ ਦਿੱਤੀ। ਪੁਲਿਸ ਕਮਿਸ਼ਨਰ ਦਫ਼ਤਰ ਵੱਲੋਂ ਸਾਕਸ਼ੀ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਪਰ ਉਹ ਪੇਸ਼ ਨਹੀਂ ਹੋਇਆ, ਜਿਸ ਤੋਂ ਬਾਅਦ ਸਾਕਸ਼ੀ ਦੇ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ।