ਪੱਤਰ ਪ੍ਰਰੇਰਕ, ਨਕੋਦਰ : ਪਿੰਡ ਬਜੂਹਾ ਕਲਾਂ ਵਿਖੇ ਵਿਆਹੁਤਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮਿ੍ਤਕਾ ਦੇ ਭਰਾ ਦੇ ਬਿਆਨਾਂ 'ਤੇ ਪਿੰਡ ਦੀ ਸਰਪੰਚ, 2 ਪੰਚਾਇਤ ਮੈਂਬਰਾਂ ਅਤੇ ਪਿੰਡ ਦੀ ਅੌਰਤ ਸਣੇ ਚਾਰ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਦਰ ਥਾਣਾ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਬਲਵਿੰਦਰ ਰਾਮ ਵਾਸੀ ਪਿੰਡ ਹਿਆਲਾ ਥਾਣਾ ਸਦਰ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਸ ਦੀ ਭੈਣ ਰਜਨੀ ਦਾ ਵਿਆਹ 2005 ਵਿੱਚ ਨਿੱਕਾ ਰਾਮ ਵਾਸੀ ਪਿੰਡ ਬਜੂਹਾ ਕਲਾਂ ਥਾਣਾ ਸਦਰ ਨਕੋਦਰ ਨਾਲ ਹੋਇਆ ਸੀ। ਘਰੇਲੂ ਝਗੜੇ ਕਾਰਨ ਉਸ ਦੀ ਭੈਣ ਤਿੰਨ ਬੱਚਿਆਂ ਸਮੇਤ ਆਪਣੇ ਪਤੀ ਤੋਂ ਅਲੱਗ ਰਹਿੰਦੀ ਸੀ। ਉਸ ਦੀ ਭੈਣ ਰਜਨੀ ਨੇ ਦੱਸਿਆ ਸੀ ਕਿ ਕੁਝ ਸਮਾਂ ਪਹਿਲਾਂ ਉਸ ਦਾ ਸਰਬਜੀਤ ਕੌਰ ਪਤਨੀ ਰਾਕੇਸ਼ ਕੁਮਾਰ ਵਾਸੀ ਪਿੰਡ ਬਜੂਹਾ ਕਲਾਂ ਨਾਲ ਤਕਰਾਰ ਹੋਇਆ ਸੀ। ਇਹ ਮਸਲਾ ਪਿੰਡ ਦੀ ਪੰਚਾਇਤ ਦੇ ਵਿਚਾਰ ਅਧੀਨ ਸੀ। 30 ਜੂਨ ਨੂੰ ਉਸ ਦੀ ਭੈਣ ਨੇ ਉਸ ਨੂੰ ਮੁੜ ਦੱਸਿਆ ਸੀ ਕਿ ਕਥਿਤ ਤੌਰ 'ਤੇ ਪਿੰਡ ਦੀ ਸਰਪੰਚ ਨਛੱਤਰ ਕੌਰ, ਕਰਮਜੀਤ ਸਿੰਘ ਪੰਚ, ਮਹਿੰਦਰ ਪਾਲ ਪੰਚ ਅਤੇ ਸਰਬਜੀਤ ਕੌਰ ਨੇ ਉਸ ਦੀ ਬੇਇੱਜ਼ਤੀ ਤੇ ਜ਼ਲੀਲ ਕੀਤਾ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਆਪਣੀ ਭੈਣ ਨੂੰ ਪਿੰਡ ਹਿਆਲਾ ਆਉਣ ਲਈ ਕਿਹਾ। ਉਸ ਦੀ ਭੈਣ ਨੇ ਦੱਸਿਆ ਸੀ ਕਿ ਪਿੰਡ ਮੁੜ ਕੇ ਪੰਚਾਇਤ ਹੋਣੀ ਹੈ ਤੇ ਉਹ ਮਾਮਲਾ ਨਿਪਟਾ ਕੇ ਪਿੰਡ ਹਿਆਲਾ ਆਵੇਗੀ। ਅੱਜ ਸਵੇਰੇ 10.30 ਵਜੇ ਉਸ ਦੀ ਭੈਣ ਨੇ ਵੀਡੀਓ ਕਲਿੱਪ ਆਪਣੇ ਫੋਨ ਤੋਂ ਉਸ ਦੇ ਫੋਨ 'ਤੇ ਭੇਜਿਆ। ਉਸ ਦੀ ਭੈਣ ਨੇ ਦੱਸਿਆ ਕਿ ਪੰਚਾਇਤ ਨੇ ਕਥਿਤ ਤੌਰ 'ਤੇ ਉਸ ਨਾਲ ਧੱਕਾ ਕੀਤਾ ਹੈ ਤੇ ਉਸ ਦਾ ਕਿਸੇ ਨੇ ਸਾਥ ਨਹੀਂ ਦਿੱਤਾ। ਉਸ ਨੇ ਗੁਆਂਢੀਆਂ ਨੂੰ ਫੋਨ ਕਰਕੇ ਕਿਹਾ ਕਿ ਰਜਨੀ ਫੋਨ ਨਹੀਂ ਚੁੱਕ ਰਹੀ ਤਾਂ ਗੁਆਂਢੀਆਂ ਨੇ ਦੇਖ ਕੇ ਦੱਸਿਆ ਕਿ ਰਜਨੀ ਨੇ ਪੱਖੇ ਨਾਲ ਚੁੰਨੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।

ਸੂਚਨਾ ਮਿਲਣ 'ਤੇ ਉਹ ਪਿੰਡ ਹਿਆਲਾ ਦੀ ਪੰਚਾਇਤ ਨੂੰ ਲੈ ਕੇ ਪਿੰਡ ਬਜੂਹਾ ਕਲਾਂ ਪੁੱਜਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਨੇ ਉਕਤ ਮੁਲਜ਼ਮਾਂ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਹੈ। ਪੁਲਿਸ ਨੇ ਸਰਪੰਚ ਨਛੱਤਰ ਕੌਰ, ਕਰਮਜੀਤ ਸਿੰਘ ਪੰਚ, ਮਹਿੰਦਰ ਪਾਲ ਪੰਚ ਅਤੇ ਸਰਬਜੀਤ ਕੌਰ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।