ਜੇਐੱਨਐੱਨ, ਜਲੰਧਰ : ਜਲੰਧਰ ਹਾਈਟਸ 'ਚ ਰਹਿਣ ਵਾਲੇ ਬੈਂਕ ਮੁਲਾਜ਼ਮ ਅਨੁਜ ਸ਼ਰਮਾ ਦੀ ਪਤਨੀ ਮੁਕਤਾ ਸ਼ਰਮਾ (43) ਨੇ ਐਤਵਾਰ ਨੂੰ ਚੌਥੀ ਮੰਜ਼ਿਲ ਤੋਂ ਛਾਲ ਲਾ ਦਿੱਤੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਕਰ ਦਿੱਤਾ। ਸੂਚਨਾ ਮਿਲਦੇ ਹੀ ਜਲੰਧਰ ਹਾਈਟਸ ਚੌਕੀ ਇੰਚਾਰਜ ਜਸਬੀਰ ਸਿੰਘ ਮੌਕੇ 'ਤੇ ਪਹੁੰਚੇ। ਦੇਰ ਸ਼ਾਮ ਪੁਲਿਸ ਨੇ ਮਿ੍ਤਕਾ ਦੇ ਪਰਿਵਾਰ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ। ਬਾਅਦ 'ਚ ਪਰਿਵਾਰ ਵਾਲਿਆਂ ਨੇ ਮਿ੍ਤਕਾ ਦਾ ਸਸਕਾਰ ਕਰ ਦਿੱਤਾ।

ਚੌਕੀ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ 'ਚ ਹਾਈਟਸ 'ਚ ਇਕ ਅੌਰਤ ਨੇ ਆਪਣੇ ਫਲੈਟ 'ਚੋਂ ਛਾਲ ਮਾਰ ਕੇ ਜਾਨ ਦਿੱਤੀ ਹੈ। ਉਹ ਮੌਕੇ 'ਤੇ ਪੁੱਜੇ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਮੁਕਤਾ ਸ਼ਰਮਾ ਹਾਊਸ ਵਾਈਫ ਸੀ ਤੇ ਘਰ 'ਚ ਹੀ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦੀ ਸੀ। ਉਸ ਦੇ ਪਤੀ ਅਨੁਜ ਸ਼ਰਮਾ ਐੱਚਡੀਪੀਆਈ ਬੈਂਕ 'ਚ ਕੰਮ ਕਰਦੇ ਹਨ। ਮੁਕਤਾ ਤੇ ਅਨੁਜ ਦਾ 11 ਸਾਲ ਦਾ ਬੇਟਾ ਹੈ ਜੋ ਪੰਜਵੀਂ ਜਮਾਤ 'ਚ ਪੜ੍ਹਦਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਮੁਕਤਾ ਬਿਮਾਰੀ ਤੋਂ ਪੀੜਤ ਸੀ। ਉਸ ਨੂੰ ਰਸੌਲੀ ਸੀ ਤੇ ਦੋ ਮਹੀਨਿਆਂ ਤੋਂ ਉਸ ਨੂੰ ਨੀਂਦ ਵੀ ਨਹੀਂ ਆ ਰਹੀ ਸੀ। ਉਸ ਦੀਆਂ ਦਵਾਈਆਂ ਲਗਾਤਾਰ ਚੱਲ ਰਹੀਆਂ ਸਨ, ਜਿਸ ਕਾਰਨ ਉਹ ਪਿਛਲੇ ਕਾਫ਼ੀ ਸਮੇਂ ਤੋਂ ਪਰੇਸ਼ਾਨ ਸੀ। ਜਸਬੀਰ ਸਿੰਘ ਨੇ ਦੱਸਿਆ ਕਿ ਮਿ੍ਤਕਾ ਦੇ ਪਰਿਵਾਰ ਤੇ ਉੁਸ ਦੀ ਵੱਡੀ ਭੈਣ ਨੇ ਕਿਸੇ ਖ਼ਿਲਾਫ਼ ਵੀ ਕਾਰਵਾਈ ਨਾ ਕਰਨ ਦੀ ਗੱਲ ਕਹੀ ਹੈ। ਜਿਸ ਕਾਰਨ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।