ਜੇਐੱਨਐੱਨ, ਜਲੰਧਰ : ਪਠਾਨਕੋਟ ਚੌਕ ਨੇੜੇ ਸਥਿਤ ਬੀਡੀਏ ਇਨਕਲੇਵ 'ਚ ਰਹਿੰਦੀ 28 ਸਾਲਾ ਅੌਰਤ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮਿ੍ਰਤਕਾ ਦੀ ਪਛਾਣ ਬੀਡੀਏ ਇਨਕਲੇਵ ਵਾਸੀ ਕਿਰਨਦੀਪ ਕੌਰ ਪੁੱਤਰੀ ਅਮਰਜੀਤ ਸਿੰਘ ਦੇ ਰੂਪ ਵਿਚ ਹੋਈ ਹੈ। ਅੌਰਤ ਦਾ ਪਰਿਵਾਰ ਰੰਧਾਵਾ ਮਸੰਦਾ ਵਿਚ ਰਹਿੰਦਾ ਹੈ ਜਦਕਿ ਪਿਛਲੇ ਕਾਫੀ ਸਮੇਂ ਤੋਂ ਉਹ ਉਕਤ ਇਨਕਲੇਵ ਵਿਚ ਰਹਿ ਰਹੀ ਸੀ ਜਿੱਥੇ ਉਸ ਨੇ ਐਤਵਾਰ ਸ਼ਾਮ ਨੂੰ ਖੁਦਕੁਸ਼ੀ ਕਰ ਲਈ। ਥਾਣਾ ਅੱਠ ਦੇ ਏਐੱਸਆਈ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਮਿ੍ਰਤਕਾ ਦਾ ਪਰਿਵਾਰ ਰੰਧਾਵਾ ਮਸੰਦਾ ਵਿਚ ਰਹਿੰਦਾ ਹੈ। ਐਤਵਾਰ ਸ਼ਾਮ ਨੂੰ ਵਾਰ-ਵਾਰ ਫੋਨ ਕੀਤੇ ਜਾਣ 'ਤੇ ਉਸ ਨੇ ਫੋਨ ਨਹੀਂ ਚੁੱਕਿਆ। ਇਸ'ਤੇ ਉਸ ਦਾ ਭਰਾ ਗੁਰਜੰਟ ਸਿੰਘ ਉਸ ਦਾ ਪਤਾ ਕਰਨ ਉਸ ਦੇ ਘਰ ਗਿਆ। ਏਐੱਸਆਈ ਨੇ ਦੱਸਿਆ ਕਿ ਕਿਸੇ ਤਰ੍ਹਾਂ ਗੁਰਜੰਟ ਨੇ ਆਪਣੀ ਭੈਣ ਦੇ ਘਰ ਦੇ ਦਰਵਾਜ਼ੇ ਨੂੰ ਧੱਕਾ ਮਾਰ ਕੇ ਖੋਲਿ੍ਹਆ। ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਭੈਣ ਨੇ ਫਾਹਾ ਲਿਆ ਹੋਇਆ ਸੀ। ਉਸ ਨੇ ਭੈਣ ਨੂੰ ਫਾਹੇ ਤੋਂ ਲਾਹ ਕੇ ਤੁਰੰਤ ਨਿੱਜੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਕਰਾਰ ਦੇ ਦਿੱਤਾ। ਏਐੱਸਆਈ ਨੇ ਦੱਸਿਆ ਕਿ ਮਿ੍ਰਤਕਾ ਦੇ ਭਰਾ ਦੇ ਬਿਆਨ 'ਤੇ ਪੁਲਿਸ ਨੇ ਮਾਮਲੇ 'ਚ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ।