ਪੱਤਰ ਪ੍ਰਰੇਰਕ, ਨਕੋਦਰ : ਵਿਆਹੁਤਾ ਨੇ ਪਤੀ ਅਤੇ ਨਨਾਣਾਂ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀ ਲਈ ਜਿਸ ਦੀ ਲੁਧਿਆਣਾ ਦੇ ਹਸਪਤਾਲ ਵਿਖੇ ਮੌਤ ਹੋ ਗਈ। ਪੁਲਿਸ ਨੇ ਮਿ੍ਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਪਤੀ ਅਤੇ ਨਨਾਣਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਪੰਧੇਰ ਥਾਣਾ ਸਦਰ ਨਕੋਦਰ ਵਾਸੀ ਅਮਰਜੀਤ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਉਸ ਦੇ ਦੋ ਬੱਚੇ ਹਨ, ਵੱਡੀ ਲੜਕੀ ਜਸਵੀਰ ਕੌਰ, ਲੜਕਾ ਸਰਬਜੀਤ ਸਿੰਘ ਹ।ੈ ਦੋਵੇਂ ਬੱਚੇ ਸ਼ਾਦੀਸੁਦਾ ਹਨ। ਜਸਵੀਰ ਕੌਰ ਦੀ 10 ਸਾਲ ਪਹਿਲਾਂ ਸਰਬਜੀਤ ਸਿੰਘ ਨਾਲ ਮੈਰਿਜ ਹੋਈ ਸੀ ਜਿਸ ਦੇ ਦੋ ਲੜਕੇ ਹਨ। ਵਿਆਹ ਤੋਂ 6-7 ਮਹੀਨੇ ਪਹਿਲਾਂ ਜਸਵੀਰ ਕੌਰ ਮਨੀਲਾ ਗਈ ਸੀ ਜਿਸ ਦਾ ਵਿਆਹ ਵੀ ਮਨੀਲਾ ਵਿੱਚ ਹੀ ਹੋਇਆ ਸੀ। ਉਸ ਦਾ ਜਵਾਈ ਸਰਬਜੀਤ ਸਿੰਘ ਵਿਦੇਸ਼ 'ਚ ਉਸ ਦੀ ਲੜਕੀ ਨਾਲ ਲੜਾਈ ਝਗੜਾ ਕਰਦਾ ਸੀ ਜਿਸ ਬਾਰੇ ਉਸ ਦੀ ਲੜਕੀ ਉਸ ਨੂੰ ਫੋਨ 'ਤੇ ਦੱਸਦੀ ਹੁੰਦੀ ਸੀ।

ਸ਼ਿਕਾਇਤਕਰਤਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਸਰਬਜੀਤ ਸਿੰਘ ਦਾ 5 ਫਰਵਰੀ 2020 ਨੂੰ ਵਿਆਹ ਸੀ। ਵਿਆਹ 'ਤੇ ਉਸ ਦੀ ਲੜਕੀ ਮਨੀਲਾ ਤੋਂ ਇੱਥੇ ਆਈ ਹੋਈ ਸੀ। ਉਸ ਦਾ ਜਵਾਈ ਵਿਆਹ 'ਤੇ ਨਹੀਂ ਆਇਆ ਅਤੇ ਨਾ ਹੀ ਬੱਚਿਆਂ ਨੂੰ ਆਉਣ ਦਿੱਤਾ। ਉਸ ਦਾ ਜਵਾਈ ਲੜਕੀ ਜਸਵੀਰ ਕੌਰ ਨੂੰ ਕਹਿੰਦਾ ਸੀ ਕਿ ਜੇ ਤੂੰ ਇੰਡੀਆ ਜਾਣਾ ਹੈ ਤਾਂ ਮੈਂ ਤੈਨੂੰ ਵਾਪਸ ਨਹੀਂ ਬੁਲਾਉਣਾ ਜਿਸ ਨੇ ਮੇਰੀ ਲੜਕੀ ਨਾਲ ਟੈਲੀਫੋਨ 'ਤੇ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਜਿਸ ਕਾਰਨ ਜਸਵੀਰ ਕੌਰ ਪਰੇਸ਼ਾਨ ਰਹਿੰਦੀ ਸੀ। ਵਿਆਹ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਪਿੰਡ ਸਰੀਂਹ ਚਲੀ ਗਈ। 20 ਸਤੰਬਰ ਨੂੰ ਉਸ ਦੀ ਲੜਕੀ ਸਰੀਂਹ ਤੋਂ ਸਾਡੇ ਕੋਲ ਆ ਗਈ। ਉਸ ਨੇ ਦੱਸਿਆ ਕਿ ਉਸ ਦੀਆਂ ਨਨਾਣਾਂ ਕਮਲਜੀਤ, ਬਲਜੀਤ, ਜਿੰਦਰ ਤੇ ਰਾਣੋ ਅਤੇ ਉਸ ਦਾ ਪਤੀ ਸਰਬਜੀਤ ਸਿੰਘ ਵੱਲੋਂ ਉਸ ਨੂੰ ਬਹੁਤ ਤੰਗ ਪ੍ਰਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਜਸਵੀਰ ਕੌਰ ਨੇ 22 ਸਤੰਬਰ ਨੂੰ ਸ਼ਾਮ ਕਰੀਬ 6 ਵਜੇ ਪਿੰਡ ਪੰਧੇਰ ਵਿਖੇ ਜ਼ਹਿਰੀਲੀ ਦਵਾਈ ਪੀ ਲਈ, ਜਿਸ ਨੂੰ ਇਲਾਜ ਲਈ ਲੋਹੀਆਂ ਖਾਸ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜਿੱਥੇ ਜਸਵੀਰ ਕੌਰ ਦੀ ਇਲਾਜ ਦੌਰਾਨ ਮੰਗਲਵਾਰ ਰਾਤ ਨੂੰ ਮੌਤ ਹੋ ਗਈ।

ਪੁਲਿਸ ਨੇ ਮਿ੍ਤਕਾ ਦੇ ਪਿਤਾ ਅਮਰਜੀਤ ਸਿੰਘ ਦੇ ਬਿਆਨਾਂ 'ਤੇ ਮੁਲਜ਼ਮਾਂ ਕਮਲਜੀਤ, ਬਲਜੀਤ, ਜਿੰਦਰ, ਰਾਣੋ ਅਤੇ ਸਰਬਜੀਤ ਸਿੰਘ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।