ਜੇਐੱਨਐੱਨ, ਜਲੰਧਰ : ਚੁਗਿੱਟੀ ਦੇ ਨਾਲ ਲਗਦੇ ਅੰਬੇਡਕਰ ਨਗਰ 'ਚ ਨਾਜਾਇਜ਼ ਸਬੰਧਾਂ ਦੇ ਸ਼ੱਕ ਦੇ ਚੱਲਦਿਆਂ ਪਤੀ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ। ਬੀਤੀ ਰਾਤ ਸੁੱਤੀ ਪਈ ਪਤਨੀ ਦੇ ਸਿਰ 'ਤੇ ਉਸ ਦੇ ਪਤੀ ਨੇ ਲੋਹੇ ਦੇ ਐਂਗਲ ਨਾਲ 12 ਵਾਰ ਕੀਤੇ। ਉਸ ਦੀ 14 ਸਾਲਾ ਧੀ ਬਚਾਉਣ ਆਈ ਤਾਂ ਉਸ 'ਤੇ ਵੀ ਲੋਹੇ ਦਾ ਐਂਗਲ ਮਾਰਿਆ ਪਰ ਉਹ ਵਾਲ਼-ਵਾਲ਼ ਬਚ ਗਈ। ਸਵੇਰੇ ਜਦੋਂ ਲੋਕਾਂ ਨੂੰ ਪਤਾ ਚੱਲਿਆ ਤਾਂ ਪੁਲਿਸ ਬੁਲਾਈ ਗਈ। ਪਹਿਲਾਂ ਤਾਂ ਵਿਆਹੁਤਾ ਦੇ ਘਰ ਵਾਲੇ ਇਹੀ ਕਹਿੰਦੇ ਰਹੇ ਕਿ ਉਹ ਛੱਤ ਤੋਂ ਡਿਗ ਗਈ ਹੈ ਪਰ ਪੁਲਿਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਹੱਤਿਆ ਦਾ ਮਾਮਲਾ ਸਾਹਮਣੇ ਆਇਆ।

ਜਾਂਚ ਵਿਚ ਸਾਹਮਣੇ ਆਇਆ ਕਿ ਵਿਆਹੁਤਾ ਕਿਤੇ ਪ੍ਰਾਈਵੇਟ ਜੌਬ ਕਰਦੀ ਸੀ। ਨੌਕਰੀ ਕਾਰਨ ਉਹ ਰੋਜ਼ਾਨਾ ਨਵੇਂ-ਨਵੇਂ ਕੱਪੜੇ ਪਾਉਂਦੀ ਸੀ, ਜਿਸ ਨਾਲ ਉਸ ਦੇ ਪਤੀ ਨੂੰ ਸ਼ੱਕ ਹੋ ਗਿਆ ਕਿ ਉਸ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਹਨ। ਉਸ ਨੂੰ ਇਹ ਵੀ ਸ਼ੱਕ ਹੋ ਗਿਆ ਕਿ ਉਸ ਦੀ ਪਤਨੀ ਦੂਸਰਾ ਵਿਆਹ ਕਰਵਾਉਣ ਦੇ ਚੱਕਰ 'ਚ ਉਸ ਦੀ ਹੱਤਿਆ ਨਾ ਕਰਵਾ ਦੇਵੇ। ਇਸ ਕਾਰਨ ਪਤੀ ਨੇ ਬੀਤੀ ਰਾਤ ਉਸ ਦੀ ਹੱਤਿਆ ਕਰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਰਾਮਾਮੰਡੀ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਹੱਤਿਆ 'ਚ ਵਰਤਿਆ ਲੋਹੇ ਦਾ ਐਂਗਲ ਵੀ ਬਰਾਮਦ ਕਰ ਲਿਆ। ਮ੍ਰਿਤਕਾ ਦੀ ਬੇਟੀ ਦੇ ਬਿਆਨਾਂ 'ਤੇ ਪਤੀ ਖਿਲਾਫ ਹੱਤਿਆ ਦਾ ਮਾਮਲਾ ਦਰਜ ਹੋਇਆ ਹੈ।

Posted By: Seema Anand