ਰਾਕੇਸ਼ ਗਾਂਧੀ, ਜਲੰਧਰ : ਭੋਪਾਲ ਚ ਲੋਕਾਂ ਨੂੰ ਪੈਸਾ ਦੁੱਗਣਾ ਕਰਨ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਜਲੰਧਰ ਵਿੱਚ ਫਲੈਟ ਖਰੀਦ ਕੇ ਲੁਕ ਕੇ ਬੈਠੇ ਪਤੀ ਪਤਨੀ ਨੂੰ ਅੱਜ ਭੋਪਾਲ ਪੁਲਿਸ ਵਲੋਂ ਥਾਣਾ ਨੰਬਰ ਇੱਕ ਦੀ ਪੁਲੀਸ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭੋਪਾਲ ਕ੍ਰਾਈਮ ਬ੍ਰਾਂਚ ਦੇ ਸਬ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਮੁਨੀਸ਼ ਸ਼ਰਮਾ ਅਤੇ ਉਸ ਦੀ ਪਤਨੀ ਮਨੀਸ਼ਾ ਉਰਫ ਮੋਨਾ ਸ਼ਰਮਾ ਨੇ ਭੋਪਾਲ ਵਿਚ ਕਈ ਲੋਕਾਂ ਨੂੰ ਪੈਸਾ ਦੁੱਗਣਾ ਕਰਨ ਦਾ ਝਾਂਸਾ ਦੇਖੇ ਉਨ੍ਹਾਂ ਕੋਲੋਂ ਤਕਰੀਬਨ 60 ਲੱਖ ਰੁਪਈਆ ਠੱਗਿਆ ਸੀ। ਦੋਵੇਂ ਪਤੀ ਪਤਨੀ ਦੇ ਖ਼ਿਲਾਫ਼ ਭੁਪਾਲ ਵਿਚ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਦੋਵੇਂ ਉੱਥੋਂ ਭੱਜ ਗਏ ਸਨ ਜਿਨ੍ਹਾਂ ਦੀ ਤਲਾਸ਼ ਵਿਚ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਦੋਵੇਂ ਪਤੀ ਪਤਨੀ ਜਲੰਧਰ ਦੀ ਸਲੇਮਪੁਰ ਮੁਸਲਮਾਨਾਂ ਵਿੱਚ ਪੈਂਦੇ ਪਾਲੀ ਹਿੱਲ ਅਪਾਰਟਮੈਂਟ ਵਿੱਚ ਇੱਕ ਫਲੈਟ ਲੈ ਕੇ ਉੱਥੇ ਰਹਿ ਰਹੇ ਹਨਜਿਸ ਤੋਂ ਬਾਅਦ ਉਨ੍ਹਾਂ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਨਾਲ ਤਾਲਮੇਲ ਕਰਕੇ ਥਾਣਾ ਨੰਬਰ ਇੱਕ ਦੀ ਪੁਲਿਸ ਨੂੰ ਨਾਲ ਲੈ ਕੇ ਉਕਤ ਫਲੈਟ ਵਿੱਚ ਛਾਪੇਮਾਰੀ ਕੀਤੀ।

ਜਦ ਪੁਲਿਸ ਨੇ ਉਕਤ ਫਲੈਟ ਵਿੱਚ ਛਾਪੇਮਾਰੀ ਕੀਤੀ ਤਾਂ ਮੁਨੀਸ਼ ਸ਼ਰਮਾ ਘਰ ਵਿੱਚ ਹੀ ਮੌਜੂਦ ਸੀ ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਪਰ ਉਸ ਦੀ ਪਤਨੀ ਮਨੀਸ਼ਾ ਸ਼ਰਮਾ ਮੁਹੱਲੇ ਵਿਚ ਕਿਸੇ ਦੇ ਘਰ ਚੱਲ ਰਹੇ ਕੀਰਤਨ ਤੇ ਗਈ ਹੋਈ ਸੀ ਜਿਸ ਨੂੰ ਪੁਲਿਸ ਨੇ ਉੱਥੋਂ ਜਾ ਕੇ ਕਾਬੂ ਕਰ ਲਿਆ।

ਪੁਲਿਸ ਵੱਲੋਂ ਇਸ ਫਲੈਟ ਦੀ ਤਲਾਸ਼ੀ ਲੈਣ ਤੇ ਘਰ ਵਿੱਚੋ ਨਕਦੀ ਵੀ ਬਰਾਮਦ ਹੋਈ ਹੈ। ਸਬ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਮੁਨੀਸ਼ ਸ਼ਰਮਾ ਨੂੰ ਇਸ ਗੱਲ ਦੀ ਭਿਣਕ ਲੱਗ ਚੁੱਕੀ ਸੀ ਕਿ ਭੋਪਾਲ ਪੁਲਿਸ ਜਲੰਧਰ ਵਿੱਚ ਛਾਪੇਮਾਰੀ ਕਰ ਸਕਦੀ ਹੈ ਇਸ ਲਈ ਉਹ ਇਸ ਫਲੈਟ ਨੂੰ ਵੇਚਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਸੀ ਲਾੱਕਡਾਉਨ ਕਾਰਨ ਕੋਈ ਗਾਹਕ ਨਾ ਮਿਲਣ ਕਾਰਨ ਇਸ ਵਿੱਚ ਦੇਰੀ ਹੋ ਰਹੀ ਸੀ। ਇਸ ਤੋਂ ਪਹਿਲਾਂ ਉਹ ਜਲੰਧਰ 'ਚੋਂ ਭੱਜਣ ਵਿਚ ਕਾਮਯਾਬ ਹੋ ਜਾਂਦੇ ਭੋਪਾਲ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਭੋਪਾਲ ਪੁਲਿਸ ਥਾਣਾ ਨੰਬਰ ਇੱਕ ਵਿਚ ਕਾਗ਼ਜ਼ੀ ਕਾਰਵਾਈ ਕਰਨ ਤੋਂ ਬਾਅਦ ਦੋਵਾਂ ਨੂੰ ਆਪਣੇ ਨਾਲ ਲੈ ਗਈ।

Posted By: Jagjit Singh