ਜੇਐੱਨਐੱਨ, ਜਲੰਧਰ : ਕਰਤਾਰਪੁਰ ਤੋਂ 10 ਕਿੱਲੋਮੀਟਰ ਦੂਰ ਸਥਿਤ ਪਿੰਡ ਚੀਮਾ 'ਚ 32 ਸਾਲਾ ਔਰਤ ਨੇ ਆਪਣੇ 27 ਸਾਲਾ ਪਤੀ ਦਾ ਗੁਪਤ ਅੰਗ ਚਾਕੂ ਨਾਲ ਕੱਟ ਦਿੱਤਾ। ਐਤਵਾਰ ਸਵੇਰੇ ਸਾਢੇ ਗਿਆਰਾਂ ਵਜੇ ਵਾਪਰੀ ਘਟਨਾ ਵੇਲੇ ਪੀੜਤ ਨਸ਼ੇ ਦੀ ਹਾਲਤ ਵਿਚ ਸੀ। ਪਤਨੀ ਦੀ ਸਜ਼ਾ ਦਾ ਸ਼ਿਕਾਰ ਹੋਣ ਪਿੱਛੋਂ ਉਹ ਕਿਸੇ ਤਰ੍ਹਾਂ ਪਿੰਡੋਂ ਹਾਈਵੇ 'ਤੇ ਪੁੱਜਾ ਤੇ ਉੱਥੇ ਡਿੱਗ ਪਿਆ। ਉਹ ਲੋਕਾਂ ਤੋਂ ਮਦਦ ਮੰਗਦਾ ਰਿਹਾ ਪਰ ਲੋਕ ਉਸ ਨੂੰ ਸ਼ਰਾਬੀ ਸਮਝ ਕੇ ਅਣਗੌਲਿਆਂ ਕਰ ਰਹੇ ਸਨ। ਇਸ ਦੌਰਾਨ ਉੱਥੇ ਛਬੀਲ ਲੈਣ ਆਏ ਨੌਜਵਾਨ ਨੇ ਉਸ ਦੀ ਪੈਂਟ 'ਤੇ ਖ਼ੂਨ ਦੇ ਨਿਸ਼ਾਨ ਵੇਖੇ ਤੇ ਉਸ ਕੋਲ ਗਿਆ। ਪੀੜਤ ਨੇ ਉਸ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਫਿਰ ਐਂਬੂਲੈਂਸ ਸੱਦੀ ਗਈ ਤੇ ਉਸ ਨੂੰ ਸਿਵਲ ਹਸਪਤਾਲ ਕਰਤਾਰਪੁਰ ਪਹੁੰਚਾਇਆ ਗਿਆ ਜਿੱਥੋਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ।

ਪੀੜਤ ਦਲੀਪ ਕੁਮਾਰ ਨੇ ਦੱਸਿਆ ਕਿ ਉਹ ਮੂਲ ਰੂਪ 'ਚ ਬਿਹਾਰ ਦੇ ਪਟਨਾ ਸਾਹਿਬ ਦਾ ਰਹਿਣ ਵਾਲਾ ਹੈ। ਉਸ ਦਾ ਚਾਰ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੇ ਨਾਲ ਹੀ ਰਾਜੂ ਨਾਂ ਦਾ ਇਕ ਨੌਜਵਾਨ ਵੀ ਰਹਿੰਦਾ ਸੀ ਜਿਸ ਦਾ ਉਸ ਦੀ ਪਤਨੀ ਨਾਲ ਸਬੰਧ ਸੀ। ਇਸੇ ਕਾਰਨ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਰਾਤੀਂ ਵੀ ਸ਼ਰਾਬੀ ਹਾਲਤ ਵਿਚ ਉਸ ਦਾ ਪਤਨੀ ਨਾਲ ਝਗੜਾ ਹੋਇਆ ਸੀ। ਉਸ ਦੀ ਪਤਨੀ ਨੇ ਉਸ ਦੇ ਨਸ਼ੇ ਵਿਚ ਹੋਣ ਦਾ ਫ਼ਾਇਦਾ ਉਠਾ ਕੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਉਸ ਦਾ ਗੁਪਤ ਅੰਗ ਕੱਟ ਦਿੱਤਾ। ਦਲੀਪ ਨੇ ਕਿਹਾ ਕਿ ਉਸ ਦੀ ਪਤਨੀ ਨੇ ਰਾਜੂ ਦੇ ਕਹਿਣ 'ਤੇ ਇਹ ਕਾਰਾ ਕੀਤਾ।

ਡਾਕਟਰਾਂ ਅਨੁਸਾਰ ਉਸ ਦਾ ਗੁਪਤ ਅੰਗ 85 ਫ਼ੀਸਦੀ ਕੱਟਿਆ ਜਾ ਚੁੱਕਾ ਹੈ। ਫਿਲਹਾਲ ਸਰਜਰੀ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਥਾਣਾ ਕਰਤਾਰਪੁਰ ਦੇ ਐੱਸਐੱਚਓ ਦਵਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਪੀੜਤ ਦਾ ਬਿਆਨ ਦਰਜ ਨਹੀਂ ਹੋ ਸਕਿਆ। ਡਾਕਟਰਾਂ ਦੀ ਇਜਾਜ਼ਤ ਤੋਂ ਬਾਅਦ ਪੁਲਿਸ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕਰੇਗੀ।