ਮਨੋਜ ਤ੍ਰਿਪਾਠੀ, ਜਲੰਧਰ : ਨਰਸਡੀਜ਼ ਕਾਰ ਤੋਂ ਬ੍ਰੇਜਾ, ਫਿਰ ਮੋਟਰਸਾਈਕਲ ਅਤੇ ਫਿਰ ਰੇਹੜੇ ’ਤੇ ਪੁਲਿਸ ਦੀ ਗਿ੍ਰਫਤ ਤੋਂ ਬਚਣ ਲਈ ਭੱਜਣ ਵਾਲੇ ਅੰਮ੍ਰਿਤਪਾਲ ਦੇ ਬਠਿੰਡਾ ਜਾਂ ਸਿਰਸਾ ’ਚ ਹੋਣ ਦੇ ਸੰਕੇਤ ਪੁਲਿਸ ਨੂੰ ਮਿਲੇ ਹਨ। ਜਿਸ ਬਾਈਕ ’ਤੇ ਅੰਮ੍ਰਿਤਪਾਲ ਬ੍ਰੇਜਾ ਕਾਰ ਨੂੰ ਨੰਗਲ ਅੰਬੀਆਂ ਗੁਰਦੁਆਰੇ ਨੇੜੇ ਛੱਡ ਕੇ ਭੱਜਿਆ ਸੀ, ਉਸ ਨੂੰ ਪੁਲਿਸ ਨੇ ਉਥੋਂ 28 ਕਿਲੋਮੀਟਰ ਦੂਰ ਦਾਰਾਪੁਰ ਦੀ ਨਹਿਰ ’ਚੋਂ ਬਰਾਮਦ ਕਰ ਲਿਆ ਹੈ। ਭੱਜਦੇ ਸਮੇਂ ਖਰਾਬ ਹੋਈ ਬਾਈਕ ਨੂੰ ਦਾਰਾਪੁਰ ਪਿੰਡ ਦੇ ਹੀ ਇਕ ਕਿਸਾਨ ਮਜ਼ਦੂਰ ਦੇ ਰੇਹੜੇ ’ਤੇ ਪਪਲਪ੍ਰੀਤ ਸਿੰਘ ਨਾਲ ਲੱਦ ਕੇ ਭੱਜਦੇ ਅੰਮ੍ਰਿਤਪਾਲ ਦੀ ਨਵੀਂ ਸੀਸੀਟੀਵੀ ਫੁਟੇਜ ਪੁਲਿਸ ਨੂੰ ਮਿਲੀ ਹੈ। ਇਸ ਦੇ ਆਧਾਰ ’ਤੇ ਪੁਲਿਸ ਦਾਰਾਪੁਰ ਪਿੰਡ ਪੁੱਜੀ ਅਤੇ ਨਹਿਰ ’ਚੋਂ ਬਾਈਕ ਨੂੰ ਬਰਾਮਦ ਕੀਤਾ। ਬਾਈਕ ਲੱਭ ਰਹੀ ਪੁਲਿਸ ਨੂੰ ਹਾਲਾਂਕਿ ਨਹਿਰ ’ਚ ਬਾਈਕ ਹੋਣ ਦੀ ਸੂਚਨਾ ਇਕ ਦੁੱਧ ਵਾਲੇ ਨੇ ਦਿੱਤੀ ਸੀ।
ਉਥੇ ਬ੍ਰੇਜਾ ਕਾਰ ਲੁਕਾਉਣ ਤੇ ਅੰਮ੍ਰਿਤਪਾਲ ਦੀ ਫਰਾਰੀ ਵਿਚ ਮਦਦ ਕਰਨ ਵਾਲੇ ਮਨਪ੍ਰੀਤ ਮੰਨਾ, ਗੁਰਭੇਜ ਸਿੰਘ, ਗੁਰਦੀਪ ਸਿੰਘ ਦੀਪਾ ਤੇ ਹਰਪ੍ਰੀਤ ਨੂੰ ਨਕੋਦਰ ਦੀ ਅਦਾਲਤ ’ਚ ਪੇਸ਼ ਕਰ ਕੇ ਪੰਜ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਗਿ੍ਰਫ਼ਤਾਰ ਮੁਲਜ਼ਮਾਂ ਨੇ ਦੱਸਿਆ ਹੈ ਕਿ ਅੰਮ੍ਰਿਤਪਾਲ ਦੇ ਨਾਲ ਫਰਾਰੀ ਦੌਰਾਨ ਪਪਲਪ੍ਰੀਤ ਦੀ ਬਾਈਕ ਚਲਾ ਰਿਹਾ ਸੀ। ਉਸ ਨੂੰ ਅੰਮ੍ਰਿਤਪਾਲ ਨੇ ਬ੍ਰੇਜਾ ਕਾਰ ਦੀਆਂ ਕਿਸ਼ਤਾਂ ਲਾਹੁਣ ਤੋਂ ਇਲਾਵਾ ਆਰਥਿਕ ਤੌਰ ’ਤੇ ਮਦਦ ਕਰ ਕੇ ਅੰਮ੍ਰਿਤਪਾਲ ਨੇ ਆਪਣੇ ਨਾਲ ਮਿਲਾ ਲਿਆ ਸੀ।
ਸ਼ਨਿਚਰਵਾਰ ਨੂੰ ਪੁਲਿਸ ਤੋਂ ਭੱਜਦੇ ਸਮੇਂ ਅੰਮ੍ਰਿਤਪਾਲ ਨੰਗਲ ਅੰਬੀਆਂ ਗੁਰਦੁਆਰੇ ’ਚ ਗ੍ਰੰਥੀ ਤੇ ਉਸ ਦੇ ਪਰਿਵਾਰ ਨੂੰ ਹਥਿਆਰਾਂ ਦੇ ਜ਼ੋਰ ’ਤੇ ਡਰਾ ਕੇ ਇਕ ਘੰਟਾ ਰੁਕ ਕੇ ਮਨਪ੍ਰੀਤ ਮੰਨਾ ਤੋਂ ਫੋਨ ਕਰ ਕੇ ਮਦਦ ਮੰਗੀ ਸੀ। ਇਸ ਤੋਂ ਬਾਅਦ ਮੰਨਾ ਨੇ ਨਕੋਦਰ ਵਾਸੀ ਗੌਰਵ ਨੂੰ ਬਾਈਕ ਮੁਹੱਈਆ ਕਰਵਾਉਣ ਲਈ ਮਦਦ ਲਈ ਕਿਹਾ ਸੀ। ਜਿਨ੍ਹਾਂ ਦੋ ਬਾਈਕਾਂ ਬੁਲੇਟ ਅਤੇ ਪਲੈਟਿਨਾ ’ਤੇ ਅੰਮ੍ਰਿਤਪਾਲ ਆਪਣੇ ਸਾਥੀਆਂ ਨਾਲ ਨੰਗਲ ਅੰਬੀਆਂ ’ਤੇ ਭੱਜਿਆ ਸੀ, ਉਹ ਦੋਵੇਂ ਬਾਈਕ ਨਕੋਦਰ ਵਾਸੀ ਗੌਰਵ ਤੇ ਨਿਰਮਲ ਕੁਮਾਰ ਦੀਆਂ ਹਨ। ਨਿਰਮਲ ਗੌਰਵ ਦੀ ਦੁਕਾਨ ’ਤੇ ਕੰਮ ਕਰਦਾ ਹੈ। ਇਹ ਦੋਵੇਂ ਮੰਨਾ ਦੇ ਕਹਿਣ ’ਤੇ ਬਾਈਕ ਲੈ ਕੇ ਨੰਗਲ ਅੰਬੀਆਂ ਪੁੱਜੇ ਸਨ। ਉਥੋਂ ਪਲੈਟਿਨਾ ਬਾਈਕ ਨੰਬਰ ਪੀਬੀ98ਸੀਯੂ8884 ਲੈ ਕੇ ਭੱਜਣ ਤੋਂ ਬਾਅਦ ਅੰਮ੍ਰਿਤਪਾਲ ਮੇਨ ਰੋਡ ’ਤੇ ਜਾਣ ਦੀ ਬਜਾਏ ਦੋ ਕਿਲੋਮੀਟਰ ਅੱਗੇ ਜਾ ਕੇ ਨਹਿਰ ਦੀ ਪਗਡੰਡੀ ਦੇ ਰਸਤੇ ਦਾਰਾਪੁਰ ਵੱਲ ਭੱਜਿਆ ਸੀ। ਇਹ ਨਹਿਰ ਫਿਲੌਰ ਦੇ ਨਾਲ ਜਾ ਕੇ ਨਿਕਲਦੀ ਹੈ। ਦਾਰਾਪੁਰ ਤੋਂ ਪਹਿਲਾਂ ਅੰਮ੍ਰਿਤਪਾਲ ਦੀ ਬਾਈਕ ਖਰਾਬ ਹੋ ਗਈ ਤਾਂ ਉਸ ਨੂੰ ਲਗਪਗ 400 ਮੀਟਰ ਤਕ ਘੜੀਸ ਕੇ ਅੰਮ੍ਰਿਤਪਾਲ ਤੇ ਪਪਲਪ੍ਰੀਤ ਲੈ ਕੇ ਗਏ। ਉਥੇ ਪੁਲਿਸ ਨੂੰ ਦੇਖ ਕੇ ਉਨ੍ਹਾਂ ਇਕ ਰੇਹੜੇ ਚਾਲਕ ਨੂੰ ਦੇਖਿਆ ਤਾਂ ਉਸ ਦੇ ਰੇਹੜੇ ’ਤੇ ਬਾਈਕ ਨੂੰ ਲੱਦ ਕੇ ਉਥੋਂ ਨਿਕਲੇ। ਇਸ ਤੋਂ ਦੋ ਕਿਲੋਮੀਟਰ ਅੱਗੇ ਜਾ ਕੇ ਦਾਰਾਪੁਰ ਪਿੰਡ ਦੀ ਮੇਨ ਨਹਿਰ ਦੀ ਪੁਲੀ ’ਤੇ ਅੰਮ੍ਰਿਤਪਾਲ ਨੇ ਰੇਹੜਾ ਛੱਡ ਦਿੱਤਾ ਤੇ ਬਾਈਕ ਨੂੰ ਪੁਲੀ ਤੋਂ ਹੇਠ ਨਹਿਰ ਵਿਚ ਸੁੱਟ ਦਿੱਤਾ। ਫਿਰ ਅੰਮ੍ਰਿਤਪਾਲ ਪਪਲਪ੍ਰੀਤ ਨਾਲ ਕਿਸੇ ਬੱਸ ’ਚ ਬੈਠ ਕੇ ਭੱਜ ਗਿਆ।
ਐੱਸਐੱਸਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਨੇ ਕਿਹਾ ਕਿ ਬਾਈਕ ਪੁਲਿਸ ਨੇ ਬਰਾਮਦ ਕਰ ਲਈ ਹੈ। ਬਾਈਕ ਉਪਲੱਬਧ ਕਰਵਾੁਉਣ ਵਾਲਿਆਂ ’ਚੋਂ ਮੰਨਾ ਨੇ ਹੀ ਫੋਨ ਕਰ ਕੇ ਬਾਈਕ ਲਿਆਉਣ ਲਈ ਕਿਹਾ ਸੀ।
Posted By: Jagjit Singh