ਜਤਿੰਦਰ ਪੰਮੀ, ਜਲੰਧਰ : ਐਤਵਾਰ ਅੱਧੀ ਰਾਤ ਤੋਂ ਬਾਅਦ ਪਏ ਤੇਜ਼ ਮੀਂਹ ਨੇ ਜਿੱਥੇ ਆਮ ਲੋਕਾਂ ਨੂੰ ਪਿਛਲੇ ਦਿਨਾਂ ਤੋਂ ਪੈ ਰਹੇ ਅੱਤ ਦੀ ਗਰਮੀ ਤੋਂ ਰਾਹਤ ਦਿਵਾਈ, ਉਥੇ ਹੀ ਇਹ ਮੀਂਹ ਕਿਸਾਨਾਂ ਦੀਆਂ ਫਸਲਾਂ ਲਈ ਲਾਹੇਵੰਦ ਰਿਹਾ। ਮੀਂਹ ਨੇ ਬਿਜਲੀ ਸਪਲਾਈ ਦੀ ਘਾਟ ਨਾਲ ਜੂਝ ਰਹੇ ਪਾਵਰਕਾਮ ਨੂੰ ਵੀ ਰਾਹਤ ਦਿਵਾਈ ਹੈ। ਮਹਾਨਗਰ 'ਚ ਪਏ 23.5 ਐੱਮਐੱਮ ਮੀਂਹ ਨਾਲ ਬਦਲੇ ਮੌਸਮ ਦੇ ਮਿਜਾਜ਼ ਦਾ ਅਸਰ ਸੋਮਵਾਰ ਵੀ ਵੇਖਣ ਨੂੰ ਮਿਲਿਆ। ਤਾਪਮਾਨ 'ਚ 7 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਕਿ ਸੋਮਵਾਰ ਨੂੰ ਘੱਟ ਕੇ 32.8 ਡਿਗਰੀ ਸੈਲਸੀਅਸ ਤਕ ਪੁੱਜ ਗਿਆ, ਜਦੋਂਕਿ ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ 19.1 ਡਿਗਰੀ ਸੈਲਸੀਅਸ ਰਿਹਾ, ਜਿਸ 'ਚ 4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।

---------------

ਕਈਆਂ ਲਈ ਆਫਤ ਬਣ ਕੇ ਆਇਆ ਮੀਂਹ ਤੇ ਝੱਖੜ

ਕਈ ਥਾਵਾਂ 'ਤੇ ਮੀਂਹ ਦੇ ਨਾਲ ਝੱੁਲਿਆ ਝੱਖੜ ਲੋਕਾਂ ਲਈ ਜਾਨਲੇਵਾ ਸਾਬਤ ਹੋਇਆ। ਮਹਾਨਗਰ ਨਾਲ ਲੱਗਦੇ ਪਿੰਡ ਧੀਣਾ 'ਚ ਕੰਧ ਡਿੱਗਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਉਧਰ, ਸ਼ਹਿਰ ਦੇ ਕਈ ਨੀਵੇਂ ਇਲਾਕਿਆਂ 'ਚ ਮੀਂਹ ਦਾ ਪਾਣੀ ਵੀ ਭਰ ਗਿਆ ਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵਧੇਰੇ ਪਰੇਸ਼ਾਨੀ ਇਕਹਿਰੀ ਪੁਲ਼ੀ 'ਚ ਪਾਣੀ ਭਰਨ ਨਾਲ ਇਲਾਕਾ ਵਾਸੀਆਂ ਨੂੰ ਸਹਿਣੀ ਪਈ ਤੇ ਕੋਟ ਕਿਸ਼ਨਚੰਦ ਨੂੰ ਜਾਣ ਵਾਲੇ ਲੋਕਾਂ ਦਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ। ਦੋਮੋਰੀਆ ਪੁਲ਼ ਹੇਠਾਂ ਪਾਣੀ ਭਰਨ ਨਾਲ ਵੀ ਵਾਹਨ ਚਾਲਕਾਂ ਨੂੰ ਦੋਮੋਰੀਆ ਪੁਲ਼ ਦੇ ਉਪਰ ਦੀ ਹੋ ਕੇ ਲੰਘਣਾ ਪਿਆ। ਝੱਖੜ ਨਾਲ ਲਾਡੋਵਾਲੀ ਰੋਡ, ਗੁਰੂ ਨਾਨਕਪੁਰਾ ਰੋਡ, ਲੱਧੇਵਾਲੀ ਤੇ ਜੰਨਤ ਐਵੇਨਿਊ 'ਚ ਦਰੱਖਤ ਟੁੱਟ ਗਏ।

-----------------

ਪੀਏਸੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ 'ਚ ਪਏ ਮੀਂਹ ਦਾ ਵੇਰਵਾ ਇਸ ਤਰ੍ਹਾਂ ਰਿਹਾ।

ਜਲੰਧਰ-23.5 ਐੱਮਐੱਮ

ਨਕੋਦਰ-0.4 ਐੱਮਐੱਮ

ਸ਼ਾਹਕੋਟ-1.0 ਐੱਮਐੱਮ

ਫਿਲੌਰ-4-1. ਐੱਮਐੱਮ

ਜ਼ਿਲ੍ਹੇ 'ਚ ਅੌਸਤ ਮੀਂਹ-7.3 ਐੱਮਐੱਮ ਪਿਆ।

----------------

ਆਉਣ ਵਾਲੇ ਦਿਨਾਂ 'ਚ ਤਾਪਮਾਨ

ਮਿਤੀ ਤਾਪਮਾਨ ਅਸਰ

24 ਮਈ 38 ਬੱਦਲ ਛਾਏ ਰਹਿਣਗੇ, ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ।

25 ਮਈ 40 ਬੱਦਲ ਛਾਏ ਰਹਿਣਗੇ

26 ਮਈ 40 ਬੱਦਲ ਛਾਏ ਰਹਿਣਗੇ

27 ਮਈ 41 ਆਸਮਾਨ ਸਾਫ ਰਹੇਗਾ

28 ਮਈ 41 ਆਸਮਾਨ ਸਾਫ ਰਹੇਗਾ

29 ਮਈ 42 ਆਸਮਾਨ ਸਾਫ ਰਹੇਗਾ

--------------

ਤਿੰਨ ਮਹੀਨਿਆਂ 'ਚ ਪਿਆ ਸਿਰਫ਼ 12.4 ਐੱਮਐੱਮ ਮੀਂਹ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਮਾਰਚ, ਅਪ੍ਰਰੈਲ ਤੇ ਮਈ 'ਚ ਮੀਂਹ ਬਹੁਤ ਘੱਟ ਪਿਆ ਹੈ। ਅਨੁਮਾਨ ਮੁਤਾਬਕ ਇਨ੍ਹਾਂ ਮਹੀਨਿਆਂ 'ਚ 67.6 ਐੱਮਐੱਮ ਦੇ ਕਰੀਬ ਮੀਂਹ ਪੈਂਦਾ ਹੈ ਪਰ ਇਸ ਵਾਰ ਤਿੰਨ ਮਹੀਨਿਆਂ 'ਚ ਨਾਮਾਤਰ 12.4 ਐੱਮਐੱਮ ਹੀ ਮੀਂਹ ਪਿਆ ਹੈ। ਇਹ ਪਿਛਲੇ ਸਾਲਾਂ ਦੇ ਮੁਕਾਬਲੇ ਪੈਂਦੇ ਮੀਂਹ ਨਾਲੋਂ 82 ਫੀਸਦੀ ਘੱਟ ਦਰਜ ਕੀਤਾ ਗਿਆ ਹੈ।