ਅੰਕਿਤ ਸ਼ਰਮਾ, ਜਲੰਧਰ : ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਤਾਪਮਾਨ 'ਚ 13 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਗਈ ਹੈ। ਇਸ ਕਾਰਨ ਮਈ ਮਹੀਨੇ 'ਚ ਠੰਢ ਦਾ ਅਹਿਸਾਸ ਹੋਣ ਲਗ ਪਿਆ ਹੈ। ਹੋਵੇ ਵੀ ਕਿਉਂ ਨਾ, ਕਿਉਂਕਿ 12 ਸਾਲਾਂ 'ਚ ਪਹਿਲੀ ਵਾਰ ਮਈ ਮਹੀਨੇ 'ਚ ਵੱਧ ਤੋਂ ਵੱਧ ਤਾਪਮਾਨ 26.3 ਡਿਗਰੀ ਤਕ ਪਹੁੰਚ ਗਿਆ ਹੈ।
ਸੋਮਵਾਰ ਨੂੰ 9.7 ਐੱਮਐੱਮ ਬਾਰਿਸ਼ ਹੋਈ ਸੀ ਤੇ ਹੁਣ ਦੂਜੇ ਦਿਨ ਭਾਵ ਮੰਗਲਵਾਰ ਨੂੰ 2.4 ਐੱਮਐੱਮ ਬਾਰਿਸ਼ ਹੋਈ ਹੈ। ਇਸ ਕਾਰਨ ਸ਼ਹਿਰ ਦੇ ਹੇਠਲੇ ਇਲਾਖਿਆਂ 'ਚ ਬਰਸਾਤੀ ਪਾਣੀ ਜਮ੍ਹਾਂ ਹੋਣ ਕਾਰਨ ਆਵਾਜਾਈ ਕੁਝ ਹਦ ਤਕ ਪ੍ਰਭਾਵਿਤ ਵੀ ਹੋਇਆ ਹੈ ਅਤੇ ਦਫ਼ਤਰ ਤੇ ਸਕੂਲ ਜਾਣ ਵਾਲੇ ਵਿਦਿਆਰਥੀ ਵੀ ਪਰੇਸ਼ਾਨ ਹੋਏ। ਮੌਸਮ ਮਾਹਿਰ ਡਾ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਹੁਣ ਮੌਸਮ ਆਉਣ ਵਾਲੇ ਦਿਨਾਂ 'ਚ ਪੂਰੀ ਤਰ੍ਹਾਂ ਨਾਲ ਸਾਫ ਰਹੇਗਾ ਤੇ ਤਾਪਮਾਨ 'ਚ ਫਿਰ ਤੋਂ ਵਾਧਾ ਦਰਜ ਹੋਣਾ ਵੀ ਸ਼ੁਰੂ ਹੋ ਜਾਵੇਗਾ। ਰਤਨ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਐੱਮਡੀ ਡਾ. ਬਲਰਾਜ ਗੁਪਤਾ ਦਾ ਕਹਿਣਾ ਹੈ ਕਿ ਤਾਪਮਾਨ ਵਧਿਆ ਤਾਂ ਗਰਮੀ ਤੋਂ ਰਾਹਤ ਲਈ ਲੋਕ ਪਹਾੜਾਂ 'ਚ ਜਾਣ ਲੱਗੇ ਸਨ। ਤਾਪਮਾਨ 'ਚ ਗਿਰਾਵਟ ਨਾਲ ਭਾਵੇਂ ਉਨ੍ਹਾਂ ਨੂੰ ਰਾਹਤ ਮਿਲੀ ਹੈ ਪਰ ਇਕ ਦਮ ਤਾਪਮਾਨ 'ਚ ਗਿਰਾਵਟ ਨਾਲ ਸਰੀਰ 'ਤੇ ਅਸਰ ਪਿਆ ਹੈ। ਪਹਿਲਾਂ ਗਰਮੀ ਤੇ ਫਿਰ ਬਾਰਿਸ਼ ਦੇ ਨਾਲ ਠੰਢਕ ਤੇ ਇਸ ਦੌਰਾਨ ਧੁੱਪ 'ਚ ਨਿਕਲਣ ਨਾਲ ਕਈ ਲੋਕਾਂ ਨੂੰ ਘਬਰਾਹਤ ਮਹਿਸੂਸ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਬਦਨ ਦਰਦ, ਕਈ ਲੋਕਾਂ ਨੂੰ ਬੁਖਾਰ ਮਹਿਸੂਸ ਹੋਣਾ, ਉਠਣ ਦਾ ਮੰਨ ਨਾ ਕਰਨਾ, ਹਲਕਾ ਜ਼ੁਕਾਮ ਤੇ ਗਲਾ ਖ਼ਰਾਬ, ਚਿਹਰੇ ਦੀ ਚਮੜੀ ਪ੍ਰਭਾਵਿਤ ਹੋਣ ਜਿਹੇ ਲੱਛਣ ਸਾਹਮਣੇ ਆਉਣ ਲੱਗਦੇ ਹਨ। ਉਨ੍ਹਾਂ ਨੇ ਤਾਪਮਾਨ 'ਚ ਆਈ ਗਿਰਾਵਟ ਦੌਰਾਨ ਲੋਕਾਂ ਨੂੰ ਏਸੀ ਦੀ ਘੱਟ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।
-------
ਪਿਛਲੇ ਸਾਲਾਂ 'ਚ ਮਈ ਮਹੀਨੇ ਦਾ ਸਭ ਤੋਂ ਘੱਟ ਰਿਹਾ ਵੱਧ ਤੋਂ ਵੱਧ ਤਾਪਮਾਨ
ਸਾਲ ਮਿਤੀ ਤਾਪਮਾਨ
2010 7 32
2011 15 34
2012 1 32
2013 12 30
2014 23 32
2015 13 32
2016 24 31
2017 21 31
2018 1 31
2019 17 28
2020 14 28
2021 13 29