ਜੇਐੱਨਐੱਨ, ਜਲੰਧਰ : ਮੰਗਲਵਾਰ ਤੋਂ ਬਾਅਦ ਲਗਾਤਾਰ ਦੂਜੇ ਦਿਨ ਸ਼ਹਿਰ 'ਚ ਦਿਨ ਭਰ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਸਵੇਰੇ ਅਸਮਾਨ 'ਚ ਬੱਦਲ ਛਾਏ ਰਹਿਣ, ਤੇਜ਼ ਹਵਾਵਾਂ ਚੱਲਣ ਤੇ ਦੁਪਹਿਰੇ ਪਏ ਮੌਹਲੇਧਾਰ ਮੀਂਹ ਨਾਲ ਦਿਨ ਭਰ ਮੌਸਮ ਸੁਹਾਵਣਾ ਬਣਿਆ ਰਿਹਾ। ਉਥੇ, ਪਿਛਲੇ ਹਫਤੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਤਕ ਪਹੁੰਚਿਆ, ਜੋ ਮੀਂਹ ਪੈਣ ਕਾਰਨ 24 ਡਿਗਰੀ ਰਹਿਣ ਜਾਣ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਉਧਰ, ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦੋ ਦਿਨਾਂ ਭਾਵ ਸ਼ੁੱਕਰਵਾਰ ਤਕ ਮੌਸਮ ਇਸੇ ਤਰ੍ਹਾਂ ਬਣਿਆ ਰਹਿਣ ਦੀ ਸੰਭਾਵਨਾ ਹੈ। ਇਸ ਕਾਰਨ ਤਾਪਮਾਨ ਡਿੱਗਣ ਦਾ ਦੌਰ ਜਾਰੀ ਰਹੇਗਾ। ਦਰਅਸਲ, ਬੀਤੇ ਹਫਤੇ ਜ਼ਿਆਦਾਤਰ ਦਿਨਾਂ 'ਚ ਰੁਕ ਰੁਕ ਕੇ ਮੀਂਹ ਪੈਣ ਨਾਲ ਗਰਮੀ ਦੇ ਨਾਲ ਨਾਲ ਹੁਮਸ 'ਚ ਭਾਰੀ ਵਾਧਾ ਹੋ ਗਿਆ ਸੀ। ਇਸ ਕਾਰਨ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਸੀ। ਉਥੇ, ਮੰਗਲਵਾਰ ਨੂੰ ਤੜਕੇ ਤੋਂ ਸ਼ੁਰੂ ਹੋਏ ਮੀਂਹ ਦਾ ਦੌਰ 11 ਘੰਟੇ ਤਕ ਰੁਕ ਰੁਕ ਕੇ ਜਾਰੀ ਰਿਹਾ। ਉਥੇ, ਬੁੱਧਵਾਰ ਨੂੰ ਦੁਪਹਿਰੇ ਕਰੀਬ ਇਕ ਵਜੇ ਸ਼ੁਰੂ ਹੋਇਆ ਮੀਂਹ ਤਿੰਨ ਘੰਟੇ ਤਕ ਜਾਰੀ ਰਿਹਾ। ਇਸ ਦੌਰਾਨ ਜਨਜੀਵਨ ਪ੍ਰਭਾਵਿਤ ਹੋਇਆ, ਜਿਸ ਦਾ ਅਸਰ ਸ਼ਹਿਰ ਦੇ ਬਾਜ਼ਾਰਾਂ 'ਚ ਕਾਰੋਬਾਰ 'ਤੇ ਵੀ ਦਿਸਿਆ।

--------

ਸ਼ਹਿਰ ਦੇ ਕਈ ਇਲਾਕਿਆਂ 'ਚ ਭਰਿਆ ਪਾਣੀ

ਦੋ ਦਿਨ ਦੇ ਮੀਂਹ ਨੇ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਨਿਗਮ ਅਧਿਕਾਰੀ ਸ਼ਹਿਰ ਦੇ ਕਈ ਇਲਾਕਿਆਂ 'ਚ ਪਾਣੀ ਭਰ ਜਾਣ ਦੀ ਸਮੱਸਿਆ ਨੂੰ ਲੈ ਕੇ ਗੰਭੀਰ ਨਹੀਂ ਦਿਸ ਰਹੇ। ਇਹੀ ਕਾਰਨ ਹੈ ਕਿ ਲਗਾਤਾਰ ਦੂਜੇ ਦਿਨ ਸ਼ਹਿਰ ਦੇ ਕਈ ਇਲਾਕਿਆਂ 'ਚ ਮੀਂਹ ਕਾਰਨ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੰਗਲਵਾਰ ਨੂੰ ਅਲੀ ਮੁਹੱੱਲਾ, ਗੋਪਾਲ ਨਗਰ, ਗੁੜ ਮੰਡੀ, ਇਮਾਮ ਨਾਸਿਰ, 120 ਫੁੱਟੀ ਰੋਡ, ਇਕਹਿਰੀ ਪੁਲੀ, ਕਿਸ਼ਨਪੁਰਾ, ਲੰਬਾ ਪਿੰਡ ਰੋਡ, ਗਾਜੀ ਗੁੱਲਾ, ਸੋਢਲ ਰੋਡ ਸਮੇਤ ਕਈ ਇਲਾਕਿਆਂ 'ਚ ਪਾਣੀ ਭਰ ਗਿਆ।

-----------

13 ਐੱਮਐੱਮ ਪਏ ਮੀਂਹ ਨੇ ਗਰਮੀ ਤੋਂ ਦਿਵਾਈ ਰਾਹਤ

ਬੁੱਧਵਾਰ ਨੂੰ 13 ਐੱਮਐੱਮ ਮੀਂਹ ਪਿਆ, ਜਿਸ ਨਾਲ ਪਿਛਲੇ ਕਈ ਦਿਨਾਂ ਤੋਂ ਗਰਮੀ ਤੇ ਹੁਮਸ ਨਾਲ ਦੋ-ਚਾਰ ਹੋ ਰਹੇ ਲੋਕਾਂ ਨੂੰ ਸੁਹਾਵਣੇ ਮੌਸਮ ਨਾਲ ਰਾਹਤ ਮਿਲ ਗਈ। ਦਿਨ ਭਰ ਵੱਧ ਤੋਂ ਵੱਧ ਤਾਪਮਾਨ 29 ਤੇ ਘੱਟ ਤੋਂ ਘੱਟ 24 ਡਿਗਰੀ ਸੈਲਸੀਅਸ ਰਿਹਾ। ਲੋਕਾਂ ਨੂੰ ਸਤੰਬਰ ਮਹੀਨੇ 'ਚ ਹੀ ਨਵੰਬਰ ਜਿਹੇ ਮੌਸਮ ਦਾ ਅਹਿਸਾਸ ਹੋਇਆ। ਦਿਨ ਭਰ ਹਵਾ 'ਚ 96 ਫ਼ੀਸਦੀ ਨਮੀ ਦੀ ਮਾਤਰਾ ਰਹੀ।

--------

ਪ੍ਰਭਾਵਿਤ ਹੋਇਆ ਕਾਰੋਬਾਰ, ਫ਼ਸਲ ਲਈ ਮੀਂਹ ਲਾਭਦਾਇਕ

ਲਗਾਤਾਰ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਬਾਜ਼ਾਰਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਬਾਰੇ ਰੈਣਕ ਬਾਜ਼ਾਰ ਦੇ ਦੁਕਾਨਦਾਰ ਅਸ਼ੋਕ ਸੋਬਤੀ ਨੇ ਦੱਸਿਆ ਕਿ ਮੀਂਹ ਕਾਰਨ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਸਰਾਧ ਕਾਰਨ ਪਹਿਲਾਂ ਹੀ ਕਾਰੋਬਾਰ 'ਚ ਕਮੀ ਆਈ ਹੈ, ਉਤੋਂ ਮੀਂਹ ਕਾਰਨ ਵੀ ਗਾਹਕ ਬਾਜ਼ਾਰ ਨਹੀਂ ਆ ਰਹੇ।

ਉਧਰ, ਖੇਤੀ ਮਾਹਰ ਡਾ. ਨਰੇਸ਼ ਗੁਲਾਟੀ ਦੱਸਦੇ ਹਨ ਕਿ ਇਹ ਮੀਂਹ ਫ਼ਸਲਾਂ ਲਈ ਲਾਭਦਾਇਕ ਹੈ। ਖਾਸ ਕਰ ਕੇ ਝੋਨੇ ਦੀ ਫਸਲ ਲਈ ਇਹ ਮੀਂਹ ਵਰਦਾਨ ਸਾਬਿਤ ਹੋਵੇਗਾ। ਹਨੇਰੀ ਕਾਰਨ ਫ਼ਸਲ ਪ੍ਰਭਾਵਿਤ ਹੋ ਸਕਦੀ ਹੈ।

---------

ਸਤੰਬਰ ਮਹੀਨੇ ਦੇ ਮੌਸਮ ਦੇ ਅੰਕੜੇ

ਦਿਨ ਭਰ 'ਚ 13 ਐੱਮਐੱਮ ਮੀਂਹ ਪਿਆ।

ਵੱਧ ਤੋਂ ਵੱਧ ਤਾਪਮਾਨ 29 ਤੇ ਘੱਟੋ-ਘੱਟ 24 ਡਿਗਰੀ ਸੈਲਸੀਅਸ ਰਿਹਾ।

ਹਵਾ 'ਚ ਨਮੀ 96 ਫ਼ੀਸਦੀ।

ਹੁਣ ਤਕ ਪਿਆ ਮੀਂਹ 155.50 ਐੱਮਐੱਮ।