ਜੇਐੱਨਐੱਨ, ਜਲੰਧਰ : ਐਤਵਾਰ ਨੂੰ ਦਿਨ ਭਰ ਅਸਮਾਨ 'ਚ ਬੱਦਲ ਗੱਜਿਆ, ਪਰ ਰਾਤ ਤਕ ਖੁੱਲ੍ਹ ਕੇ ਨਹੀਂ ਵਰਿ੍ਹਆ। ਕਾਰਨ, ਹਵਾਵਾਂ ਚੱਲਣ ਦੇ ਨਾਲ ਹੀ ਅਸਮਾਨ ਸਾਫ਼ ਹੋ ਜਾਂਦਾ ਰਿਹਾ। ਜਿਸ ਦੇ ਕੁਝ ਸਮੇਂ ਬਾਅਦ ਮੁੜ ਤੋਂ ਬੱਦਲ ਛਾ ਜਾਂਦੇ ਰਹੇ। ਇਸ ਦੌਰਾਨ ਦੁਪਹਿਰ ਵੇਲੇ ਖਿੜੀ ਤੇਜ਼ ਧੁੱਪ ਨੇ ਹੁੰਮਸ ਵਧਾ ਦਿੱਤੀ। ਜਿਸ ਕਾਰਨ ਲੋਕ ਪਸੀਨੇ ਨਾਲ ਤਰਬਤਰ ਹੁੰਦੇ ਰਹੇ। ਉਧਰ, ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦੋ ਦਿਨ ਅਸਮਾਨ 'ਚ ਬੱਦਲ ਛਾਏ ਰਹਿਣ, ਤੇਜ਼ ਹਵਾਵਾਂ ਚੱਲਣ ਤੇ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਸ ਦੌਰਾਨ ਤਾਪਮਾਨ 'ਚ ਤਾਂ ਗਿਰਾਵਟ ਹੋਵੇਗੀ ਹੀ ਨਾਲ ਹੀ ਲੋਕਾਂ ਨੂੰ ਹੁੰਮਸ ਤੇ ਗਰਮੀ ਦੇ ਕਹਿਰ ਤੋਂ ਵੀ ਰਾਹਤ ਮਿਲੇਗੀ।

ਐਤਵਾਰ ਨੂੰ ਪਹਿਲਾਂ ਸਵੇਰੇ ਤੇ ਫਿਰ ਦੁਪਹਿਰ ਨੂੰ ਹੋਈ ਬੂੰਦਾਬਾਂਦੀ ਤੇ ਫਿਰ ਤੇਜ਼ ਧੁੱਪ ਖਿੜੀ ਰਹਿਣ ਨਾਲ ਲੋਕ ਪਸੀਨੇ ਨਾਲ ਤਰਬਤਰ ਹੋਏ। ਇਸ ਦੇ ਨਾਲ ਹੀ ਉਨ੍ਹਾਂ ਨੂੰ ਦਿਨ ਭਰ ਹੁੰਮਸ ਦਾ ਕਹਿਰ ਵੀ ਝੱਲਣਾ ਪਿਆ। ਹਾਲਾਂਕਿ ਐਤਵਾਰ ਨੂੰ ਦਿਨ ਭਰ ਵੱਧ ਤੋਂ ਵੱਧ ਤਾਪਮਾਨ 35 ਤੇ ਘੱਟੋ ਘੱਟ 28 ਡਿਗਰੀ ਸੈਲਸੀਅਸ ਰਿਹਾ। ਪਰ ਹੁੰਮਸ ਕਾਰਨ ਲੋਕਾਂ ਨੂੰ ਘਰਾਂ 'ਚੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ ਸੀ। ਇਸ ਬਾਰੇ ਮੌਸਮ ਮਾਹਿਰ ਡਾ. ਦਲਜੀਤ ਸਿੰਘ ਦੱਸਦੇ ਹਨ ਕਿ ਫਿਲਹਾਲ ਕਮਜ਼ੋਰ ਮੌਨਸੂਨ ਕਾਰਨ ਬਾਰਿਸ਼ ਬੰਦ ਹੁੰਦੇ ਹੀ ਧੁੱਪ ਨਿਕਲ ਰਹੀ ਹੈ। ਜੋ ਹੁੰਮਸ ਦਾ ਕਾਰਨ ਬਣ ਰਹੀ ਹੈ। ਆਉਣ ਵਾਲੇ ਕੁਝ ਦਿਨਾਂ 'ਚ ਮੌਨਸੂਨ ਰਫ਼ਤਾਰ ਫੜੇਗਾ। ਉਸ ਤੋਂ ਬਾਅਦ ਲੋਕਾਂ ਨੂੰ ਹੁੰਮਸ ਤੋਂ ਰਾਹਤ ਮਿਲ ਸਕਦੀ ਹੈ।