ਪੱਤਰ ਪੇ੍ਰਰਕ, ਜਲੰਧਰ : ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਟੀਬੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਟੀਬੀ ਦੇ ਕੀਟਾਣੂ ਲਗਪਗ ਹਰ ਵਿਅਕਤੀ 'ਚ ਹੁੰਦੇ ਹਨ। ਕਮਜ਼ੋਰ ਪ੍ਰਤੀਰੋਧਕ ਸ਼ਕਤੀ ਹੋਣ 'ਤੇ ਸਰਗਰਮ ਹੋ ਜਾਂਦੇ ਹਨ। ਪੌਸ਼ਟਿਕ ਖਾਣੇ ਤੇ ਕਸਰਤ ਨਾਲ ਇਮਿਊਨ ਸ਼ਕਤੀ ਨੂੰ ਮਜ਼ਬੂਤ ਕਰ ਕੇ ਇਕ ਸੁਰੱਖਿਆ ਚੱਕਰ ਬਣਾਇਆ ਜਾ ਸਕਦਾ ਹੈ। ਇਸ ਨਾਲ ਟੀਬੀ ਦਾ ਖਤਰਾ ਵੀ ਟਲ਼ ਜਾਂਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼ੁੱਕਰਵਾਰ ਨੂੰ ਸਿਵਲ ਸਰਜਨ ਤੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ ਨੇ ਵਿਸ਼ਵ ਟੀਬੀ ਦਿਵਸ ਮੌਕੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਨਰਸਿੰਗ ਸਕੂਲ ਵਿਖੇ ਕਰਵਾਏ ਸਮਾਗਮ ਦੌਰਾਨ ਕੀਤਾ। ਸਿਹਤ ਵਿਭਾਗ ਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਕਰਵਾਏ ਗਏ ਸਮਾਗਮ 'ਚ ਉਨ੍ਹਾਂ ਦੱਸਿਆ ਕਿ ਟੀਬੀ ਦੀ ਬਿਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ 'ਚ ਫੈਲਦੀ ਹੈ। ਸਰਕਾਰੀ ਸਿਹਤ ਕੇਂਦਰਾਂ 'ਚ ਟੀਬੀ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਪਿਛਲੇ ਸਾਲ ਜ਼ਿਲ੍ਹੇ 'ਚ 5585 ਪਰਿਵਾਰਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਟੀਬੀ ਦੇ ਮਰੀਜ਼ਾਂ ਤੋਂ ਸੁਰੱਖਿਅਤ ਰੱਖਣ ਲਈ ਦਵਾਈਆਂ ਵੰਡੀਆਂ ਗਈਆਂ ਹਨ। ਸਮਾਗਮ ਵਿਚ ਜ਼ਿਲ੍ਹਾ ਟੀਬੀ ਅਫ਼ਸਰ ਡਾ. ਰਿਤੂ ਦਾਦਰਾ ਨੇ ਦੱਸਿਆ ਕਿ ਭੁੱਖ ਨਾ ਲੱਗਣਾ, ਰੋਜ਼ਾਨਾ ਹਲਕਾ ਬੁਖਾਰਤੇ ਦੋ ਹਫ਼ਤਿਆਂ ਤੋਂ ਵੱਧ ਖੰਘ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਇਨ੍ਹਾਂ ਦੇ ਸਾਹਮਣੇ ਆਉਂਦੇ ਹੀ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ 'ਚ ਥੁੱਕ ਦਾ ਮੁਫ਼ਤ ਟੈਸਟ ਕੀਤਾ ਜਾਂਦਾ ਹੈ ਅਤੇ ਟੀਬੀ ਹੋਣ 'ਤੇ ਮੁਫ਼ਤ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਇੰਦਰਦੇਵ ਸਿੰਘ ਮਿਨਹਾਸ ਨੇ ਕਿਹਾ ਕਿ ਸੁਸਾਇਟੀ ਵੱਲੋਂ ਮਰੀਜ਼ਾਂ ਨੂੰ ਗੋਦ ਲਿਆ ਜਾਂਦਾ ਹੈ ਅਤੇ ਵਿਭਾਗ ਦੀ ਮਦਦ ਨਾਲ ਇਲਾਜ ਕੀਤਾ ਜਾਂਦਾ ਹੈ। ਮਰੀਜ਼ਾਂ ਨੂੰ ਸਵੱਛਤਾ ਲਈ ਕਿੱਟਾਂ ਵੀ ਦਿੱਤੀਆਂ ਗਈਆਂ। ਇਸ ਦੌਰਾਨ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਨਾਟਕ ਪੇਸ਼ ਕਰਕੇ ਟੀਬੀ ਤੋਂ ਬਚਾਅ ਲਈ ਜਾਗਰੂਕਤਾ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਗੁਰਮੀਤ ਸਿੰਘ, ਡਾ. ਜੋਤੀ ਬਾਲਾ ਤੇ ਗੁਰਮੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡਾ. ਰਾਕੇਸ਼ ਚੋਪੜਾ, ਡਾ. ਜੋਤੀ ਸ਼ਰਮਾ, ਡਾ. ਗੁਰਮੀਤ ਲਾਲ, ਪਿ੍ਰੰਸੀਪਲ ਡਾ. ਪਰਮਜੀਤ ਕੌਰ, ਡਾ. ਅਸ਼ਮਿਤਾ, ਨੀਰਜ ਸ਼ਰਮਾ, ਸੰਦੀਪ ਪਾਹਵਾ, ਜਤਿੰਦਰ ਸੋਨੀ, ਰਮੀਤ ਅਤੇ ਕਰਨ ਤੋਂ ਇਲਾਵਾ ਨਰਸਿੰਗ ਦੀਆਂ ਵਿਦਿਆਰਥਣਾਂ ਹਾਜ਼ਰ ਸਨ।