ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਵਾਰਡ ਨੰਬਰ 5 ਦੀ ਆਬਾਦੀ ਨੂਰਪੁਰ ਕਾਲੋਨੀ ਵਿਚ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਕੇਵਲ ਸਵੇਰ ਵੇਲੇ ਇਕ ਘੰਟਾ ਅਤੇ ਸ਼ਾਮ ਨੂੰ ਇਕ ਘੰਟਾ ਹੀ ਥੋੜੇ੍ਹ ਬਹੁਤ ਪਾਣੀ ਦੀ ਸਪਲਾਈ ਮਿਲਦੀ ਹੈ ਜਿਸ ਨਾਲ ਲੋਕਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਅਤੇ ਪਿਛਲੇ 15 ਦਿਨਾਂ ਤੋਂ ਪਾਣੀ ਨਹੀਂ ਮਿਲ ਰਿਹਾ। ਇਸ ਦੌਰਾਨ ਵਾਰਡ ਕੌਂਸਲਰ ੁਬਲਵਿੰਦਰ ਕੌਰ ਲੁਬਾਣਾ ਅਨੁਸਾਰ ਉਕਤ ਕਾਲੋਨੀ ਪਹਿਲਾਂ ਨਗਰ ਨਿਗਮ ਦੀ ਹੱਦ ਤੋਂ ਬਾਹਰ ਹੋਣ ਕਾਰਨ ਪੰਚਾਇਤ ਨਾਲ ਸੀ, ਜਦੋਂਕਿ ਹੁਣ ਉਹ ਨਗਰ ਨਿਗਮ ਦੀ ਹੱਦ ਵਿਚ ਆ ਗਈ ਹੈ ਅਤੇ ਜਦੋਂ ਤੋਂ ਉਕਤ ਕਾਲੋਨੀ ਨਿਗਮ ਦੀ ਹੱਦ ਵਿਚ ਆਈ ਹੈ ਇਥੇ ਲੋਕਾਂ ਨੂੰ ਪੀਣ ਦੇ ਪਾਣੀ ਦੀ ਸਪਲਾਈ ਉਚਿਤ ਨਹੀਂ ਮਿਲ ਰਹੀ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਂਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਨੇ ਦੋਸ਼ ਲਾਇਆ ਹੈ ਕਿ ਉਹ ਆਪਣੇ ਖ਼ਰਚ 'ਤੇ ਸੁੰਦਰਨਗਰ ਤੋਂ ਨੂਰਪੁਰ ਕਾਲੋਨੀ ਲਈ ਪਾਣੀ ਦੀ ਪਾਈਪ ਪੁਆ ਰਹੇ ਹਨ ਪਰ ਦੂਜੇ ਪਾਸੇ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਜੇ ਉਨ੍ਹਾਂ ਨੇ ਪਾਈਪ ਪਾਈ ਤਾਂ ਉਨ੍ਹਾਂ ਵਿਰੁੱਧ ਐੱਫਆਈਆਰ ਦਰਜ ਕਰਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਧਮਕੀਆਂ ਸਰਕਾਰੀ ਅਧਿਕਾਰੀਆਂ ਵੱਲੋਂ ਸਿਆਸਤ ਨੂੰ ਲੈ ਕੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਕਤ ਕਾਲੋਨੀ ਦੇ ਲੋਕ ਉਨ੍ਹਾਂ ਦੇ ਨਾਲ ਹਨ ਤੇ ਸਿਆਸਤ ਲੋਕਾਂ ਨੂੰ ਸਹੁਲਤ ਦੇਣ ਦੀ ਥਾਂ ਉਨ੍ਹਾਂ ਦੀਆਂ ਸਹੂਲਤਾਂ ਨਾਲ ਮਜ਼ਾਕ ਉਡਾ ਰਹੀ ਹੈ।