ਸਤਿੰਦਰ ਸ਼ਰਮਾ, ਫਿਲੌਰ

ਬੀਬੀਐੱਮਬੀ ਰੋਪੜ ਤੋਂ ਐਤਵਾਰ ਸਵੇਰੇ ਛੱਡੇ 2.40 ਲੱਖ ਕਿਊਸਿਕ ਪਾਣੀ ਨੇ ਜਿੱਥੇ ਸਤਲੁਜ ਦਰਿਆ ਨਾਲ ਲੱਗਦੇ ਇਲਾਕਿਆਂ 'ਚ ਵਸਦੇ ਸੈਂਕੜੇ ਲੋਕਾਂ ਅਤੇ ਪ੍ਰਸ਼ਾਸਨ ਦੇ ਸਾਹ ਸੂਤ ਰੱਖੇ ਹਨ, ਉਥੇ ਪਰੇਸ਼ਾਨ ਕਰਨ ਵਾਲੀ ਇਸ ਖ਼ਬਰ ਨੂੰ ਸੁਣ ਕੇ ਸ਼ਹਿਰ ਫਿਲੌਰ ਅਤੇ ਇਲਾਕੇ ਦੇ ਨੌਜਵਾਨਾਂ, ਬੱਚਿਆਂ ਅਤੇ ਅੌਰਤਾਂ ਵਿਚ ਇਸ ਗੱਲ ਦੀ ਬੜੀ ਉਤਸੁਕਤਾ ਰਹੀ ਕਿ ਉਹ ਵੱਡੀ ਗਿਣਤੀ ਵਿਚ ਸਾਰਾ ਦਿਨ ਦਰਿਆ ਦੇ ਪੁਰਾਣੇ ਪੁਲ 'ਤੇ ਗਾਂਧੀ ਧਾਮ ਕੋਲ ਜਾ ਕੇ ਦਰਿਆ ਦੇ ਪਾਣੀ ਦਾ ਨਜ਼ਾਰਾ ਵੇਖਦੇ ਰਹੇ।

ਜ਼ਿਕਰਯੋਗ ਹੈ ਕਿ ਲੋਕ ਆਪਣੇ ਬੱਚਿਆਂ, ਅੌਰਤਾਂ ਅਤੇ ਪਰਿਵਾਰਾਂ ਨੂੰ ਪਿਕਨਿਕ ਵਾਂਗ ਦਰਿਆ ਦਾ ਪਾਣੀ ਵਿਖਾਉਣ ਲਈ ਮੋਟਰਸਾਈਕਲਾਂ, ਕਾਰਾਂ ਅਤੇ ਦੂਸਰੇ ਵਾਹਨਾਂ 'ਤੇ ਸਤਲੁਜ ਦਰਿਆ ਵੇਖਣ ਲਈ ਆਉਂਦੇ ਜਾਂਦੇ ਰਹੇ। ਨੌਜਵਾਨ ਮੁੰਡੇ ਕੁੜੀਆਂ ਸਾਰਾ ਦਿਨ ਨਿਰੰਤਰ ਦਰਿਆ ਦੇ ਕਿਨਾਰੇ ਪੁਲ 'ਤੇ ਖੜ੍ਹ ਕੇ ਸੈਲਫੀਆਂ ਦਾ ਮਜ਼ਾ ਲੈਂਦੇ ਰਹੇ। ਸਤਲੁਜ ਦਰਿਆ ਦੇ ਪਾਣੀ ਦਾ ਵਧਦਾ ਪੱਧਰ ਇਕ ਪਾਸੇ ਲੋਕ ਦੇ ਮਨੋਰੰਜਨ ਦਾ ਸਬੱਬ ਬਣਿਆ ਹੋਇਆ ਸੀ, ਉਥੇ ਜੋ ਲੋਕ ਦਰਿਆ ਦੇ ਕਿਨਾਰੇ ਵਸਦੇ ਹਨ, ਉਨ੍ਹਾਂ ਲਈ ਦਰਿਆ 'ਚ ਵਧਦਾ ਪਾਣੀ ਦਾ ਪੱਧਰ ਡਾਢੀ ਮੁਸੀਬਤ ਬਣੀ ਹੋਈ ਸੀ। ਗਾਂਧੀ ਧਾਮ ਕੋਲ ਵਸਦੇ ਗੁੱਜਰ ਭਾਈਚਾਰੇ ਦੇ ਲੋਕ ਅਜੇ ਤਕ ਇਹੋ ਫੈਸਲਾ ਨਹੀਂ ਕਰ ਪਾ ਰਹੇ ਸਨ ਕਿ ਉਹ ਆਪਣੇ ਘਰਾਂ 'ਚੋਂ ਸਾਮਾਨ ਚੁੱਕਣ ਜਾਂ ਅਜੇ ਹੋਰ ਉਡੀਕ ਕਰਨ।

ਜਦੋਂ ਇਸ ਪੱਤਰਕਾਰ ਨੇ ਇਸ ਇਲਾਕੇ 'ਚੋਂ ਆਪਣੀਆਂ ਸੈਂਕੜੇ ਮੱਝਾਂ ਕੱਢ ਰਹੇ ਗੁੱਜਰ ਪਰਿਵਾਰ ਦੀ ਅੌਰਤ ਮੀਨਾ ਪਤਨੀ ਮੌਜਾ ਨੂੰ ਪੁੱਿਛਆ ਕਿ ਉਨ੍ਹਾਂ ਨੇ ਆਪਣੇ ਘਰਾਂ 'ਚੋਂ ਸਾਮਾਨ ਕੱਢ ਲਿਆ ਤਾਂ ਉਸ ਨੇ ਬੜੀ ਮਾਸੂਮੀਅਤ ਨਾਲ ਕਿਹਾ ਕਿ ਨਹੀਂ ਸਾਮਾਨ ਤਾਂ ਨਹੀਂ ਕੱਿਢਆ। ਜਦੋਂ ਉਸ ਨੂੰ ਦੱਸਿਆ ਕਿ ਐਤਵਾਰ ਦੀ ਸ਼ਾਮ ਨੂੰ ਦਰਿਆ 'ਚ ਪਾਣੀ ਬਹੁਤ ਜ਼ਿਆਦਾ ਆਉਣ ਵਾਲਾ ਹੈ ਤਾਂ ਉਹ ਸਹਿਮ ਗਈ ਅਤੇ ਕਹਿਣ ਲੱਗੀ ਤਾਂ ਫਿਰ ਉਹ ਆਪਣੇ ਪਰਿਵਾਰ ਨੂੰ ਮਿਲ ਕੇ ਆਪਣਾ ਸਾਮਾਨ ਹੁਣੇ ਉਥੋਂ ਕੱਢਦੀ ਹੈ।

ਜ਼ਿਕਰਯੋਗ ਹੈ ਕਿ ਸਾਡੇ ਦੇਸ਼ ਵਿਚ ਅਜੇ ਹਜ਼ਾਰਾਂ ਪੇਂਡੂ ਲੋਕ ਬਹੁਤ ਭੋਲੇ-ਭਾਲੇ ਹਨ, ਉਨ੍ਹਾਂ ਨੂੰ ਦੁਨੀਆਦਾਰੀ ਦੀ ਉਕਾ ਹੀ ਕੋਈ ਸਮਝ ਨਹੀਂ, ਉਹ ਵਿਚਾਰੇ ਰੋਜ਼ੀ-ਰੋਟੀ ਦੇ ਚੱਕਰ ਵਿਚ ਸਵੇਰ ਤੋਂ ਸ਼ਾਮ ਤਕ ਮਿਹਨਤ ਕਰਦੇ ਰਹਿੰਦੇ ਹਨ। ਜਦੋਂ ਉਸ ਨੂੰ ਪੁੱਿਛਆ ਕਿ ਇਹ ਮੱਝਾਂ ਉਨ੍ਹਾਂ ਦੀਆਂ ਹਨ, ਤਾਂ ਉਸ ਨੇ ਪਲਟ ਕੇ ਕਿਹਾ ਕਿ ਨਹੀਂ, ਉਸ ਦੀਆਂ ਤਾਂ ਸਿਰਫ 35 ਮੱਝਾਂ ਹੀ ਹਨ, ਬਾਕੀ ਹੋਰਨਾਂ ਦੀਆਂ ਹਨ। ਜਦੋਂ ਉਸ ਨੂੰ ਪੁੱਿਛਆ ਕਿ ਉਸ ਦੀ ਇਕ ਤਸਵੀਰ ਉਤਾਰ ਲਵਾਂ ਤਾਂ ਉਸ ਨੇ ਬੜੀ ਮਾਸੂਮੀਅਤ ਨਾਲ ਕਿਹਾ ਕਿ 'ਠਹਿਰ ਜਾ ਪਹਿਲਾਂ ਸਿਰ 'ਤੇ ਪੱਲੂ ਕਰ ਲਵਾਂ।' ਉਪਰੰਤ ਉਹ ਭੋਲੀ-ਭਾਲੀ ਗੱੁਜਰੀ ਆਪਣੀਆਂ ਮੱਝਾਂ ਨੂੰ ਸੰਭਾਲਣ ਵਿਚ ਮਸ਼ਰੂਫ ਹੋ ਗਈ।

(ਡੱਬੀ)

ਪਾਣੀ ਦਾ ਪੱਧਰ 95 ਹਜ਼ਾਰ ਕਿਊਸਿਕ ਹੋਇਆ : ਐੱਸਡੀਐੱਮ

ਐੱਸਡੀਐੱਮ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ 8.30 ਵਜੇ ਪਾਣੀ ਦਾ ਪੱਧਰ 95 ਹਜ਼ਾਰ ਕਿਊਸਿਕ ਤਕ ਪਹੁੰਚ ਗਿਆ ਹੈ ਜੋ ਖਤਰੇ ਦੇ ਨਿਸ਼ਾਨ ਤੋਂ ਪਾਰ ਹੋ ਗਿਆ ਹੈ ਪਰ ਸਥਿਤੀ ਤਣਾਉਪੂਰਨ ਹੋਣ ਦੇ ਬਾਵਜੂਦ ਕਾਬੂ ਹੇਠ ਹੈ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਤੋਂ ਸਬ ਡਵੀਜ਼ਨ ਹੇਠਲੇ ਇਲਾਕੇ 'ਤੇ ਪੂਰੀ ਤਰਾਂ ਬਾਜ਼ ਅੱਖ ਰੱਖੀ ਜਾ ਰਹੀ ਹੈ, ਫਲੱਡ ਲਾਈਟਾਂ ਦਾ ਪੂਰਾ ਇੰਤਜ਼ਾਮ ਹੈ ਪਰ ਇਸ ਸਭ ਦੇ ਬਾਵਜੂਦ ਐਤਵਾਰ ਦੀ ਰਾਤ ਪੂਰੀ ਤਰਾਂ ਸੁਚੇਤ ਰਹਿਣ ਦੀ ਜ਼ਰੂਰਤ ਹੈ ਅਤੇ ਹਰ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਤਿਆਰ ਹੈ। ਪ੍ਰਤੱਖ ਦਰਸ਼ੀਆਂ ਨੇ ਫੋਨ 'ਤੇ ਦੱਸਿਆ ਕਿ ਸ਼ਾਮ ਨੂੰ 7.30 ਵਜੇ ਦੇ ਕਰੀਬ ਦਰਿਆ ਦੇ ਪਾਣੀ ਵਿਚ ਕਈ ਮੱਝਾਂ ਵੀ ਰੁੜ੍ਹਦੀਆਂ ਆ ਰਹੀਆਂ ਸਨ ਜਿਨ੍ਹਾਂ ਨੂੰ ਗੋਤਾਖੋਰਾਂ ਨੇ ਹਿੰਮਤ ਕਰ ਕੇ ਬਾਹਰ ਕੱਢ ਲਿਆ ਗਿਆ।