ਰਾਕੇਸ਼ ਗਾਂਧੀ, ਜਲੰਧਰ : ਥਾਣਾ ਬਾਰਾਂਦਰੀ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਉਸ ਸਮੇਂ ਚੋਰੀ ਦੇ ਸਾਮਾਨ ਸਮੇਤ ਕਾਬੂ ਕਰ ਲਿਆ, ਜਦ ਉਹ ਸਾਮਾਨ ਵੇਚਣ ਲਈ ਕਿਸੇ ਗਾਹਕ ਦੀ ਉਡੀਕ ਵਿਚ ਖੜ੍ਹੇ ਸਨ। ਥਾਣਾ ਮੁਖੀ ਸੇਵਾ ਸਿੰਘ ਨੇ ਦੱਸਿਆ ਕਿ ਏਐੱਸਆਈ ਹਰਦਿਆਲ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸਨ ਕਿ ਮੁਖਬਰ ਖਾਸ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਆਸ਼ੂ ਵਾਸੀ ਨਿਊ ਦਸਮੇਸ਼ ਨਗਰ ਲਾਡੋਵਾਲੀ ਰੋਡ ਅਤੇ ਪਵਨ ਕੁਮਾਰ ਵਾਸੀ ਬਸ਼ੀਰਪੁਰਾ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਸ ਵੇਲੇ ਚੋਰੀ ਦੇ ਸਾਮਾਨ ਨਾਲ ਬਸ਼ੀਰਪੁਰਾ ਟੀ ਪੁਆਇੰਟ 'ਤੇ ਖੜ੍ਹੇ ਗਾਹਕ ਦੀ ਉਡੀਕ ਕਰ ਰਹੇ ਹਨ। ਇਸ 'ਤੇ ਪੁਲਿਸ ਪਾਰਟੀ ਨੇ ਮੁਖਬਰ ਵੱਲੋਂ ਦੱਸੀ ਗਈ ਥਾਂ 'ਤੇ ਛਾਪੇਮਾਰੀ ਕਰ ਕੇ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਐੱਲਸੀਡੀਜ਼ ਅਤੇ ਦੋ ਲੈਪਟਾਪ ਬਰਾਮਦ ਕਰ ਲਏ। ਥਾਣਾ ਮੁਖੀ ਸੇਵਾ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿਚ ਹਾਲੇ ਤਕ ਦੋਵਾਂ ਮੁਲਜ਼ਮਾਂ ਨੇ ਕਈ ਚੋਰੀਆਂ ਕਬੂਲੀਆਂ ਹਨ। ਇਸ ਲਈ ਉਨ੍ਹਾਂ ਦਾ ਅਦਾਲਤ ਵਿਚੋਂ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਚੋਰੀ ਦਾ ਸਾਮਾਨ ਵੀ ਬਰਾਮਦ ਕੀਤਾ ਜਾਵੇਗਾ।