ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਨਵੇਂ ਲੱਗ ਰਹੇ 4500 ਟੀਡੀਸੀ ਸਮਰੱਥਾ ਪਲਾਂਟ ਦਾ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ਼ਨਿਚਰਵਾਰ ਸਵੇਰੇ 11 ਵਜੇ ਦੌਰਾ ਕੀਤਾ ਜਾਵੇਗਾ ਤੇ ਨਵੀਂ ਲੱਗ ਰਹੀ ਮਿੱਲ ਦੇ ਬਾਇਲਰ ਦਾ ਕੰਮ ਪੂਰਾ ਹੋਣ 'ਤੇ ਉਦਘਾਟਨ ਕੀਤਾ ਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਸ਼ੂਗਰਫੈੱਡ ਪੰਜਾਬ ਦੇ ਮੁੱਖ ਗੰਨਾ ਸਲਾਹਕਾਰ ਗੁਰਇਕਬਾਲ ਸਿੰਘ ਕਾਹਲੋਂ ਨੇ ਫੋਨ 'ਤੇ ਦਸਿਆ ਕਿ ਜਨਰਲ ਮੈਨੇਜਰ ਅਰੁਣ ਕੁਮਾਰ ਅਰੋੜਾ ਤੇ ਸਮੂਹ ਮਿੱਲ ਅਧਿਕਾਰੀਆਂ ਵੱਲੋਂ ਨਵੇਂ ਪਲਾਂਟ ਦੇ ਕਰਵਾਏ ਜਾ ਰਹੇ ਕੰਮ ਦਾ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸ਼ੂਗਰਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਦਵਿੰਦਰ ਸਿੰਘ ਤੇ ਸਹਿਕਾਰਤਾ ਵਿਭਾਗ ਟੀਮ ਨਾਲ ਨਿਰੀਖਣ ਕਰਨਗੇ, ਤਾਂ ਜੋ ਇਸ ਸੀਜਨ ਵਿਚ ਇਸ ਨੂੰ ਟਰਾਇਲ ਦੇ ਤੌਰ 'ਤੇ ਚਾਲੂ ਕੀਤਾ ਜਾ ਸਕੇ। ਕਾਹਲੋਂ ਨੇ ਦਸਿਆ ਕਿ ਨੇ ਦੱਸਿਆ ਕਿ ਖੰਡ ਮਿੱਲ ਦਾ ਨਵਾਂ ਪਲਾਂਟ 3000 ਟੀਡੀਸੀ ਦਾ ਹੋਵੇਗਾ ਜੋ ਚੱਲਣ ਤੋਂ ਬਾਅਦ ਵਿਚ 4500 ਟੀਡੀਸੀ ਕਰ ਦਿੱਤਾ ਜਾਵੇਗਾ, ਜਿਸ ਨਾਲ ਇਲਾਕੇ ਦੇ ਕਿਸਾਨਾਂ ਨੂੰ ਬਾਹਰ ਗੰਨਾ ਲੈ ਜਾਣ ਦੀ ਲੋੜ ਨਹੀਂ ਪਵੇਗੀ ਤੇ ਪਲਾਂਟ ਦੇ ਚਾਲੂ ਹੋਣ 'ਤੇ ਇਲਾਕੇ ਦਾ ਗੰਨਾ ਭੋਗਪੁਰ ਮਿੱਲ ਵੱਲੋਂ ਹੀ ਪੀੜਿਆ ਜਾਵੇਗਾ। ਇਸ ਗੰਨਾ ਪਲਾਂਟ ਦੇ ਨਾਲ ਹੀ ਬਿਜਲੀ ਪੈਦਾ ਕਰਨ ਵਾਲਾ 15 ਮੈਗਾਵਾਟ ਦਾ ਪਲਾਂਟ ਲੱਗੇਗਾ, ਜਿਸ ਵਿਚੋਂ 9 ਮੈਗਾਵਾਟ ਬਿਜਲੀ ਨਿੱਜੀ ਸੈਕਟਰ ਨੂੰ ਵੇਚੀ ਜਾ ਸਕੇਗੀ, ਜਦੋਂਕਿ 1957 ਵਿਚ ਲੱਗੀ ਪੰਜਾਬ ਦੀ ਪਹਿਲੀ ਖੰਡ ਮਿਲ ਦਾ ਪੁਰਾਣਾ ਪਲਾਂਟ 1016 ਟੀਡੀਸੀ ਦਾ ਸੀ। ਉਨ੍ਹਾਂ ਦਸਿਆ ਕਿ ਸ਼ੂਗਰ ਮਿੱਲ ਦਾ ਨਵਾਂ ਪਲਾਂਟ ਉੱਤਮ ਗਰੁੱਪ ਇੰਡਸਟਰੀ ਪਲਾਂਟ ਲਗਾ ਰਹੀ ਹੈ, ਜਿਸ 'ਤੇ 108 ਕਰੋੜ 89 ਲੱਖ ਰੁਪਏ ਦਾ ਖਰਚ ਆਵੇਗਾ। ਇਸ ਮੌਕੇ ਨਵੇਂ ਚੁਣੇ ਬੋਰਡ ਆਫ ਡਾਇਰੈਕਟਰ ਦੇ ਮੈਬਰ, ਰਾਜਨੀਤਿਕ ਆਗੂ ਤੇ ਇਲਾਕੇ ਦੇ ਸਮੂਹ ਗੰਨਾਂ ਕਾਸ਼ਤਕਾਰ ਹਿੱਸਾ ਲੈਦੇ ਹੋਏ ਸਹਿਕਾਰਤਾ ਮੰਤਰੀ ਨਾਲ ਵਿਚਾਰ-ਵਟਾਂਦਰਾ ਕਰਨਗੇ।