ਮਹਿੰਦਰ ਰਾਮ ਫੁਗਲਾਣਾ, ਜਲੰਧਰ

ਸਥਾਨਕ ਸ੍ਰੀ ਗੁਰੂ ਰਵਿਦਾਸ ਚੌਕ 'ਚ ਅਲਗ ਅਲਗ ਜਥੇਬੰਦੀਆਂ ਵੱਲੋਂ ਇਕੱਠ ਕਰਕੇ ਕੇਂਦਰ ਸਰਕਾਰ ਵਿਰੁੱਧ ਚਲ ਰਹੇ ਜਨ ਅੰਦੋਲਨ ਦਾ ਜ਼ੋਰਦਾਰ ਸਮਰਥਨ ਕੀਤਾ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਰਾਸ਼ਟਰੀ ਪ੍ਰਚਾਰਕ ਵਿਜੇ ਸਾਗਰ ਨੂੰ ਦਿੱਲੀ ਦੇ ਬਾਰਡਰ 'ਤੇ ਰਿਕਸ਼ਾ 'ਤੇ ਬਿਠਾ ਕੇ ਰਵਾਨਾ ਕੀਤਾ ਗਿਆ। ਰਿਕਸ਼ੇ ਨੂੰ ਪੱਗੜੀ ਸੰਭਾਲ ਜੱਟਾ ਲਹਿਰ ਦੇ ਆਗੂਆਂ ਅਜੀਤ ਸਿੰਘ, ਸੂਫੀ ਅੰਬਾ ਪ੍ਰਸ਼ਾਦ, ਬਾਂਕੇ ਦਿਆਲ, ਲਾਲ ਚੰਦ ਫਲਕ, ਕਿਸ਼ਨ ਸਿੰਘ, ਸਰਵਣ ਸਿੰਘ ਅਤੇ ਪੈਪਸੂ ਦੀ ਮੁਜ਼ਾਹਰਾ ਲਹਿਰ ਦੇ ਆਗੂਆਂ ਕਾ. ਤੇਜਾ ਸਿੰਘ ਸੁਤੰਤਰ, ਸੇਵਾ ਸਿੰਘ ਠੀਕਰੀਵਾਲਾ, ਕਾ. ਜਗੀਰ ਸਿੰਘ ਜੋਗਾ, ਕਾ. ਵਧਾਵਾ ਰਾਮ, ਛੱਜੂ ਮੱਲ ਵੈਦ, ਧਰਮ ਸਿੰਘ ਫੱਕਰ, ਡਾ. ਭਾਗ ਸਿੰਘ ਅਤੇ ਕਾ. ਹਰਨਾਮ ਸਿੰਘ ਚਮਕ ਦੀਆਂ ਤਸਵੀਰਾਂ ਲਗਾ ਕੇ ਬੈਨਰ ਅਤੇ ਕਿਸਾਨੀ ਝੰਡਿਆਂ ਨਾਲ ਸਜਾਇਆ ਗਿਆ। ਇਸ ਦੌਰਾਨ ਸੁਰਿੰਦਰ ਸਿੰਘ ਬੀਰ, ਰਾਜ ਮਸੀਹ, ਜੋਗਿੰਦਰ ਪਾਲ, ਹੇਮ ਰਾਜ, ਕੁਲਦੀਪ ਕੁਮਾਰ, ਜੀਵਨ ਦਾਸ, ਸਰਵਣ ਕੁਮਾਰ, ਤਰਲੋਕ ਕੁਮਾਰ, ਈਸ਼ਵਰ ਦਿਆਲ ਅਤੇ ਰਾਮ ਲਾਲ ਉਰਫ ਸਾਈਂ ਬਾਬਾ ਸ਼ਾਮਲ ਹੋਏ। ਇਸ ਮੌਕੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਰਾਸ਼ਟਰੀ ਪ੍ਰਚਾਰਕ ਵਿਜੇ ਸਾਗਰ ਨੇ ਕਿਹਾ ਕਿ ਜਿਸ ਸੂਝ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਜਨ ਅੰਦਲੋਨ ਦੀ ਅਗਵਾਈ ਕਰ ਰਹੀ ਹੈ, ਇਸ ਤੋਂ ਜ਼ਾਹਰ ਹੈ ਕਿ ਇਸ ਜਨ ਅੰਦੋਲਨ ਦੀ ਜਿੱਤ ਯਕੀਨੀ ਹੋਵੇਗੀ।